
ਵਾਤਾਵਰਣ ਨੂੰ ਹਰਾ-ਭਰਾ ਤੇ ਸਾਫ਼-ਸੁਥਰਾ ਰੱਖਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਵਲੋਂ ਅੱਜ ਪੂਰੇ ਸੂਬੇ ਵਿਚ ਪੁਲਿਸ ਨਾਲ ਸਬੰਧਤ ਜ਼ਮੀਨਾਂ 'ਤੇ 50,000............
ਚੰਡੀਗੜ੍ਹ : ਵਾਤਾਵਰਣ ਨੂੰ ਹਰਾ-ਭਰਾ ਤੇ ਸਾਫ਼-ਸੁਥਰਾ ਰੱਖਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਵਲੋਂ ਅੱਜ ਪੂਰੇ ਸੂਬੇ ਵਿਚ ਪੁਲਿਸ ਨਾਲ ਸਬੰਧਤ ਜ਼ਮੀਨਾਂ 'ਤੇ 50,000 ਤੋਂ ਵੱਧ ਬੂਟੇ ਲਗਾ ਕੇ ਰੁੱਖ ਲਗਾਉ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੀਨੀਅਰ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਇਹ ਬੂਟੇ ਪੰਜਾਬ ਆਰਮਡ ਪੁਲਿਸ (ਪੀ.ਏ. ਪੀ.), ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.), ਪੁਲਿਸ ਥਾਣਿਆਂ/ਪੁਲਿਸ ਚੌਕੀਆਂ/ਪੁਲਿਸ ਲਾਈਨਜ਼ ਆਦਿ ਥਾਵਾਂ 'ਤੇ ਲਾਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਪੁਲਿਸ ਹੈੱਡ ਕੁਆਰਟਰ ਵਿਖੇ ਤਾਇਨਾਤ ਹੋਰ ਉੱਚ ਅਧਿਕਾਰੀਆਂ ਨੇ
ਅੱਜ ਪੁਲਿਸ ਹੈੱਡਕੁਆਟਰ ਵਿਖੇ ਬੂਟੇ ਲਾਏ। ਇਸ ਮੌਕੇ ਅਰੋੜਾ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ, ਕਮਿਸ਼ਨਰੇਟ ਅਫ਼ਸਰਾਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਉਹ ਪੁਲਿਸ ਵਿਭਾਗ ਨਾਲ ਸਬੰਧਤ ਹਰ ਰੈਂਕ ਦੇ ਅਧਿਕਾਰੀ ਤੇ ਕਰਮਚਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੇ 'ਤੰਦਰੁਸਤ ਪੰਜਾਬ' ਮਿਸ਼ਨ ਵਿਚ ਬਣਦਾ ਯੋਗਦਾਨ ਪਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪੁਲਿਸ ਨਾਲ ਸਬੰਧਤ ਵੱਖ-ਵੱਖ ਥਾਵਾਂ 'ਤੇ ਰੁੱਖ ਲਗਾਉਣ ਦੀ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।