
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਲਈ ਬਿਜਲੀ ਸਬਸਿਡੀ ਦੇ ਬਕਾਏ ਦੀ ਅਦਾਇਗੀ ਤੋਂ ਇਲਾਵਾ ਖੇਤੀਬਾੜੀ...........
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਲਈ ਬਿਜਲੀ ਸਬਸਿਡੀ ਦੇ ਬਕਾਏ ਦੀ ਅਦਾਇਗੀ ਤੋਂ ਇਲਾਵਾ ਖੇਤੀਬਾੜੀ ਅਤੇ ਹੋਰ ਸਹਾਇਕ ਗਤੀਵਿਧੀਆਂ ਦੀਆਂ ਬਾਕੀ ਅਦਾਇਗੀਆਂ ਦੇ ਨਿਪਟਾਰੇ ਲਈ 760 ਕਰੋੜ ਰੁਪਏ ਜਾਰੀ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਫ਼ੰਡਾਂ ਦੇ ਜਾਰੀ ਹੋਣ ਨਾਲ ਵੈਟ/ਜੀ.ਐਸ.ਟੀ. ਦੇ ਸਾਰੇ ਬਕਾਇਆ ਬਿਲਾਂ ਦਾ ਵੀ ਨਿਪਟਾਰਾ ਹੋ ਗਿਆ ਹੈ। ਉਨ੍ਹਾਂ ਦਸਿਆ ਕਿ 17 ਕਰੋੜ ਰੁਪਏ ਦੀ ਅਦਾਇਗੀ ਨਾਲ 20 ਜੁਲਾਈ ਤਕ ਦੇ ਵੈਟ/ਜੀ.ਐਸ.ਟੀ ਰਿਫ਼ੰਡ ਭੁਗਤਾ ਦਿਤੇ ਗਏ ਹਨ।
ਬੁਲਾਰੇ ਨੇ ਦਸਿਆ ਕਿ ਵਿੱਤ ਵਿਭਾਗ ਨੇ ਖੇਤੀ ਲਈ ਬਿਜਲੀ ਸਬਸਿਡੀ ਵਾਸਤੇ 400 ਕਰੋੜ ਰੁਪਏ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਜਾਰੀ ਕਰ ਦਿਤੇ ਹਨ ਤਾਕਿ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਕ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹਈਆ ਕਰਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸੇ ਤਰ੍ਹਾਂ ਸਰਕਾਰ ਨੇ ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਲਈ ਨਾਬਾਰਡ ਨੂੰ ਵੀ 7 ਕਰੋੜ ਰੁਪਏ ਜਾਰੀ ਕਰ ਦਿਤੇ ਹਨ।
ਬੁਲਾਰੇ ਨੇ ਦਸਿਆ ਕਿ ਵਿੱਤ ਵਿਭਾਗ ਨੇ 230 ਕਰੋੜ ਦੀ ਰਾਸ਼ੀ ਨਾਲ 31 ਮਈ, 2018 ਤਕ ਪੈਨਸ਼ਨਰਾਂ ਦੇ ਸੇਵਾ-ਮੁਕਤੀ ਲਾਭ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਨ ਤੋਂ ਇਲਾਵਾ ਮੁਲਾਜ਼ਮਾਂ ਦੇ ਜੀ.ਪੀ.ਐਫ਼. ਐਡਵਾਂਸ ਦਾ ਵੀ ਭੁਗਤਾਨ ਕਰ ਦਿਤਾ ਹੈ।