ਬੇਅਦਬੀ ਮਾਮਲੇ ਦੇ ਇਨਸਾਫ਼ ਲਈ ਲੋਕਾਂ ਦੀ ਉਮੀਦ ਟੁੱਟਣ ਨਹੀਂ ਦੇਵਾਂਗੇ- ਸਪੀਕਰ ਕੁਲਤਾਰ ਸਿੰਘ ਸੰਧਵਾਂ
Published : Aug 24, 2022, 5:28 pm IST
Updated : Aug 24, 2022, 5:28 pm IST
SHARE ARTICLE
Kultar Singh Sandhwan Interview
Kultar Singh Sandhwan Interview

ਕਿਹਾ- ਕਿਸਾਨ, ਕਿਸਾਨੀ, ਖੇਤੀਬਾੜੀ ਅਤੇ ਮਜ਼ਦੂਰ ਨੂੰ ਤਕੜੇ ਕਰਨਾ ਸਾਡਾ ਮੁੱਖ ਮਕਸਦ

 

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਕਵਰੇਜ ਦਾ ਜ਼ਿਕਰ ਆਉਂਦਾ ਹੈ, ਜੋ ਕਿ ਆਪਣੇ ਆਪ ਵਿਚ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਜਨਤਾ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਖੀਂ ਦੇਖਿਆ ਹੋਵੇ। ਇਹ ਸਾਰੀ ਵਿਓਂਤਬੰਦੀ ਦਾ ਸਿਹਰਾ ਵਿਧਾਨ ਸਭਾ ਸਪੀਕਰ ਦੇ ਸਿਰ ਜਾਂਦਾ ਹੈ। ਇਨ੍ਹਾਂ ਮੁੱਦਿਆਂ ਬਾਰੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਸੁਰਖ਼ਾਬ ਵਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਗੱਲਬਾਤ ਦੇ ਵਿਸ਼ੇਸ਼ ਅੰਸ਼ :

ਸਵਾਲ : ਵਿਧਾਨ ਸਭਾ ਨੂੰ ਡਿਜੀਟਲ ਕਰਨ ਦੀ ਗੱਲ ਕਹੀ ਜਾ ਰਹੀ ਹੈ, ਇਹ ਸਾਰੀ ਪ੍ਰਕਿਰਿਆ ਕਦੋਂ ਤੱਕ ਪੂਰੀ ਹੋ ਜਾਵੇਗੀ?  
ਜਵਾਬ : ਵਿਧਾਨ ਸਭਾ ਦੀ ਡਿਜੀਟਾਈਜੇਸ਼ਨ ਦਾ ਕੰਮ ਕੌਮੀ ਪੱਧਰ ਦਾ ਹੈ ਜੋ ਹੋਰ ਕਈ ਸੂਬਿਆਂ ਵਿਚ ਲਾਗੂ ਹੋ ਚੁੱਕਾ ਹੈ ਅਤੇ ਪੰਜਾਬ ਵਿਚ ਵੀ ਬਹੁਤ ਜਲਦ ਲਾਗੂ ਹੋਵੇਗਾ। ਇਸ ਪ੍ਰਾਜੈਕਟ ਦਾ ਜ਼ਿੰਮਾ ਐਨ.ਆਈ.ਸੀ. ਨੂੰ ਦਿਤਾ ਗਿਆ ਹੈ। ਇਸ ਲਈ ਪੰਜਾਬ ਪੀ.ਡਬਲਯੂ.ਡੀ. ਅਤੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਸੁਧਾਰ ਵਾਲੇ ਮਹਿਕਮੇ ਪੂਰਨ ਸਹਿਯੋਗ ਦੇ ਰਹੇ ਹਨ। ਇਸ ਦਾ ਕੰਮ ਕਾਫੀ ਹੱਦ ਤਕ ਪੂਰਾ ਹੋ ਚੁੱਕਾ ਹੈ ਅਤੇ ਕੁਝ ਤਕਨੀਕੀ ਸਮੱਸਿਆਵਾਂ ਸਨ, ਜਿਨ੍ਹਾਂ ਨੂੰ ਦੂਰ ਕਰਨ ਲਈ ਮੀਟਿੰਗ ਬੁਲਾ ਕੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਨੂੰ ਪੂਰਾ ਕੀਤਾ ਜਾਵੇ। ਜੇਕਰ ਕੋਈ ਹੋਰ ਅੜਿੱਕਾ ਨਾ ਪਿਆ ਤਾਂ ਅਗਲੇ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ।

Kultar Singh Sandhwan Kultar Singh Sandhwan

ਸਵਾਲ: ਚੋਣਾਂ ਤੋਂ ਪਹਿਲਾਂ ਅਕਸਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਰੋਧੀਆਂ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਦੇਖਿਆ ਗਿਆ। ਹੁਣ ਤੁਸੀਂ ਜਿਹੜੀ ਕੁਰਸੀ ’ਤੇ ਬੈਠੇ ਹੋ, ਇਸ ਦੌਰਾਨ ਇਹ ਵੀ ਦੇਖਣ ਨੂੰ ਮਿਲਿਆ ਕਿ ਤੁਸੀਂ ਵਿਰੋਧੀਆਂ ਦਾ ਵੀ ਖ਼ਿਆਲ ਰੱਖ ਰਹੇ ਹੋ ਤੇ ਉਨ੍ਹਾਂ ਨੂੰ ਬਰਾਬਰ ਸਮਾਂ ਦਿੱਤਾ ਜਾ ਰਿਹਾ ਹੈ। ਇਹ ਸੰਤੁਲਨ ਕਿਵੇਂ ਬਣਾ ਰਹੇ ਹੋ?
ਜਵਾਬ: ਪੰਜਾਬ ਦੇ ਲੋਕਾਂ ਦੀ ਬਦੌਲਤ ਹੀ ਮੈਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਹੋਣ ਦਾ ਮਾਣ ਮਿਲਿਆ ਹੈ। ਸਪੀਕਰ ਕਿਸੇ ਇਕ ਪਾਰਟੀ ਦਾ ਨਹੀਂ ਹੁੰਦਾ ਸਗੋਂ ਪੂਰੇ ਸੂਬੇ ਦਾ ਸਪੀਕਰ ਹੁੰਦਾ ਹੈ। ਜੇਕਰ ਇਹ ਕਿਹਾ ਜਾਵੇ ਕਿ ਸਪੀਕਰ ਸਾਰੀਆਂ ਪਾਰਟੀਆਂ ਦਾ ਹੁੰਦਾ ਹੈ ਤਾਂ ਇਹ ਗੱਲ ਬਹੁਤ ਛੋਟੀ ਹੋ ਜਾਵੇਗੀ। ਜਿਸ ਪਲੇਟਫਾਰਮ ’ਤੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਦੱਸੇ ਜਾਣਗੇ ਅਤੇ ਉਨ੍ਹਾਂ ਦੇ ਹੱਲ ਲਈ ਚਰਚਾ ਹੋਵੇਗੀ, ਉਸ ਨੂੰ ਕੰਟਰੋਲ ਕਰਨਾ ਸਪੀਕਰ ਦੀ ਜ਼ਿੰਮੇਵਾਰੀ ਹੈ, ਜੇਕਰ ਸਪੀਕਰ ਹੀ ਇਕਪਾਸੜ ਹੋ ਗਿਆ ਤਾਂ ਫਿਰ ਲੋਕਤੰਤਰ ਦਾ ਕੋਈ ਮਤਲਬ ਨਹੀਂ ਰਿਹਾ। ਮੈਂ ਕਿਸੇ ਦਾ ਲਿਹਾਜ਼ ਨਹੀਂ ਕਰ ਰਿਹਾ ਸਗੋਂ ਆਪਣੀ ਡਿਊਟੀ ਨਿਭਾਅ ਰਿਹਾ ਹਾਂ। ਜੇਕਰ ਕੋਈ ਵੀ ਵਿਧਾਇਕ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਪੰਜਾਬ ਦੇ ਮੁੱਦੇ ਚੁੱਕਣਾ ਚਾਹੁੰਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਮੌਕਾ ਦੇਵਾਂਗਾ।

ਸਵਾਲ: ਇਜਲਾਸ ਦੌਰਾਨ ਵਿਰੋਧੀ ਤੁਹਾਡੀਆਂ ਤਰੀਫ਼ਾਂ ਕਰਦੇ ਵੀ ਨਜ਼ਰ ਆਏ ਪਰ ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਵਿਚ ਹੁੰਦਿਆਂ ਆਮ ਆਦਮੀ ਪਾਰਟੀ ਅਕਸਰ ਲੰਬੇ ਸੈਸ਼ਨ ਦਾ ਮੁੱਦਾ ਚੁੱਕਦੀ ਸੀ ਪਰ ਹੁਣ ਸੈਸ਼ਨ ਨੂੰ ਲੰਬਾ ਨਹੀਂ ਕੀਤਾ ਜਾ ਰਿਹਾ।
ਜਵਾਬ: ਇਸ ਮੁੱਦੇ ’ਤੇ ਮੈਂ ਸਰਕਾਰ ਨਾਲ ਅਤੇ ਵਿਰੋਧੀ ਧਿਰ ਨਾਲ ਮੀਟਿੰਗ ਵੀ ਕੀਤੀ ਹੈ ਕਿ ਸੈਸ਼ਨ ਲੰਬੇ ਕੀਤੇ ਜਾਣ। ਜੇਕਰ ਤੁਸੀਂ ਕਾਰਜ ਪਾਲਿਕਾ ਨੂੰ ਜਵਾਬਦੇਹ ਬਣਾਉਣਾ ਹੈ ਤਾਂ ਵਿਧਾਨ ਸਭਾ ਨੂੰ  ਐਕਟਿਵ ਬਣਾਉਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਵਿਧਾਨ ਸਭਾ ਨੂੰ ਸਰਗਰਮ ਨਹੀਂ ਬਣਾਵਾਂਗੇ ਜਾਂ ਸੈਸ਼ਨ ਨਹੀਂ ਸੱਦਾਂਗੇ ਤਾਂ ਕਾਰਜ ਪਾਲਿਕਾ ਦੀ ਕੋਈ ਜਵਾਬਦੇਹੀ ਨਹੀਂ ਹੋਵੇਗੀ। ਪੰਜਾਬ ਦਾ ਉਹੀ ਹਾਲ ਹੋਵੇਗਾ ਜੋ 1985 ਤੋਂ ਬਾਅਦ ਹੋਇਆ ਸੀ। ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਵਿਧਾਨ ਸਭਾ ਵਿਚ ਚਰਚਾ ਚੱਲਦੀ ਰਹਿਣੀ ਚਾਹੀਦੀ ਹੈ। ਮੈਂ ਵਿਧਾਨ ਸਭਾ ਦੀਆਂ ਸਾਰੀਆਂ ਵਿਧਾਨ ਸਭਾ ਕਮੇਟੀਆਂ ਦੇ ਮੈਂਬਰ ਸਹਿਬਾਨ ਅਤੇ ਚੇਅਰਮੈਨ ਸਾਹਿਬਾਨਾਂ ਨੂੰ ਕਿਹਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਪੂਰੀ ਲਗਨ ਨਾਲ ਕੰਮ ਕਰੋ। ਉਨ੍ਹਾਂ ਨੂੰ ਵਿਧਾਨ ਸਭਾ ਵਿਚ ਮੀਟਿੰਗਾਂ ਕਰਨ ਦੀ ਲੋੜ ਨਹੀਂ, ਉਹ ਪੰਜਾਬ ਦੇ ਕਿਸੇ ਵੀ ਇਲਾਕੇ ਵਿਚ ਮੀਟਿੰਗ ਕਰ ਸਕਦੇ ਹਨ। ਜਦੋਂ 10 ਵਿਧਾਇਕ ਇਕੱਠੇ ਹੋ ਕੇ ਕਿਤੇ ਜਾਂਦੇ ਹਨ ਤਾਂ ਕਾਰਜਪਾਲਿਕਾ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਕਿ ਸਾਨੂੰ ਕੋਈ ਦੇਖ ਰਿਹਾ ਹੈ। ਇਨਸਾਨ ਕੰਮ ਤਾਂ ਹੀ ਕਰਦਾ ਹੈ ਜੇਕਰ ਕੋਈ ਉਸ ਉੱਤੇ ਨਜ਼ਰ ਰੱਖੇ।

ਸਵਾਲ: ਇਸ ਵਾਰ ਵਿਰੋਧੀਆਂ ਨੇ ਕੈਮਰਿਆਂ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਕਿ ਸਾਨੂੰ ਕੈਮਰੇ ਵਿਚ ਘੱਟ ਦਿਖਾਇਆ ਜਾ ਰਿਹਾ ਹੈ।
ਜਵਾਬ: ਮੈਂ ਕਈ ਵਿਧਾਇਕਾਂ ਦੀਆਂ ਤਸਵੀਰਾਂ ਦੇਖੀਆਂ, ਜੇ ਕੋਈ ਕਮੀ ਰਹਿ ਗਈ ਤਾਂ ਮੈਨੂੰ ਦੱਸ ਦੇਣ, ਅਗਲੀ ਵਾਰ ਪੂਰੀ ਕਰ ਦੇਵਾਂਗੇ।

ਸਵਾਲ: ਤੁਸੀਂ ਬਦਲਾਅ ਦੀ ਗੱਲ ਕਰਦੇ ਹੋ, ਲੋਕਾਂ ਨੇ ਬਦਲਾਅ ਦੇਖਿਆ। ਤੁਸੀਂ ਲੋਕਾਂ ਲਈ ਇਨਸਾਫ਼ ਦੀ ਉਮੀਦ ਹੋ। ਜਦੋਂ ਅਸੀਂ ਬਰਗਾੜੀ ਬੇਅਦਬੀ ਜਾਂ ਗੋਲੀਕਾਂਡ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੀ ਇਨਸਾਫ਼ ਦੀ ਉਮੀਦ ਟੁੱਟਦੀ ਜਾ ਰਹੀ ਹੈ?
ਜਵਾਬ: ਲੋਕਾਂ ਦੀ ਉਮੀਦ ਨੂੰ ਟੁੱਟਣ ਨਹੀਂ ਦੇਵਾਂਗੇ। ਇਸ ਮਾਮਲੇ ਵਿਚ ਹੁਣ ਕੰਮ ਹੋਣਾ ਸ਼ੁਰੂ ਹੋਇਆ ਹੈ। ਮੇਰੇ ਲਈ ਸਭ ਤੋਂ ਪਹਿਲਾਂ ਮੇਰਾ ਗੁਰੂ ਹੈ, ਗੁਰੂ ਲਈ ਮੈਨੂੰ ਜਿੱਥੇ ਜਾ ਕੇ ਵੀ ਆਵਾਜ਼ ਚੁੱਕਣੀ ਪਈ ਮੈਂ ਚੁੱਕਾਂਗਾ। ਪਿਛਲੇ 7 ਸਾਲ ਜਾਂਚ ਨੂੰ ਨਤੀਜੇ ਤੋਂ ਭਟਕਾਉਣ ਲਈ ਕੰਮ ਹੋਇਆ। ਮਾਮਲੇ ਨੂੰ ਉਲਝਾਉਣ ਲਈ ਕੰਮ ਹੋਇਆ। 7 ਸਾਲਾਂ ਦੀ ਉਲਝਣ ਮਹੀਨੇ ਜਾਂ ਦੋ ਵਿਚ ਹੱਲ ਨਹੀਂ ਹੋਵੇਗੀ। ਮੈਨੂੰ ਪੂਰੀ ਉਮੀਦ ਹੈ ਕਿ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਪੰਜਾਬ ਸਰਕਾਰ ਇਸ ਕੰਮ ਨੂੰ ਸਿਰੇ ਲਾਏਗੀ।

ਸਵਾਲ: ਤੁਸੀਂ ਪਾਰਟੀ ਦਾ ਪੰਥਕ ਚਿਹਰਾ ਹੋ ਇਸ ਲ਼ਈ ਲੋਕਾਂ ਨੂੰ ਤੁਹਾਡੇ ਤੋਂ ਜ਼ਿਆਦਾ ਉਮੀਦਾਂ ਹਨ। ਪਰ ਇਸ ਵਾਰ ਜਦੋਂ ਤੁਸੀਂ ਬਰਗਾੜੀ ਮੋਰਚੇ ’ਤੇ ਸੰਗਤ ਤੋਂ ਸਮਾਂ ਮੰਗਿਆ ਤਾਂ ਉਹ ਨਾਰਾਜ਼ ਦਿਖਾਈ ਦਿੱਤੀ।
ਜਵਾਬ: ਸਾਨੂੰ 1947 ਤੋਂ ਲੈ ਕੇ ਹੁਣ ਤੱਕ ਧੋਖੇ ਹੀ ਮਿਲੇ ਹਨ। ਲੋਕ ਵੀ ਸੱਚੇ ਨੇ ਪਰ ਅਸੀਂ ਆਪਣਾ ਕੰਮ ਕਰਾਂਗੇ। ਮੈਨੂੰ ਗੁਰੂ ਸਾਹਿਬ ’ਤੇ ਭਰੋਸਾ ਹੈ ਕਿ ਉਹ ਸਾਡੇ ’ਤੇ ਕਿਰਪਾ ਕਰਨਗੇ ਤਾਂ ਜੋ ਅਸੀਂ ਸੰਗਤਾਂ ਨੂੰ ਇਨਸਾਫ ਦਿਵਾ ਸਕੀਏ।

ਸਵਾਲ: ਸਿੱਖ ਜਥੇਬੰਦੀਆਂ ਨੂੰ ਸੌਂਪੀ ਗਈ ਸਿੱਟ ਦੀ ਜਾਂਚ ਰਿਪੋਰਟ ਵਿਚ ਕਿਤੇ ਵੀ ਸਿਆਸੀ ਧੜੇ ਦਾ ਜ਼ਿਕਰ ਨਹੀਂ ਹੈ। ਸਾਰੀ ਕਹਾਣੀ ਸੌਦਾ ਸਾਧ ਦੇ ਆਲੇ-ਦੁਆਲੇ ਘੁੰਮਾਈ ਗਈ ਹੈ। ਕਿਤੇ ਇਹ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ?
ਜਵਾਬ: ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਦੌਰਾਨ ਮੈਂ ਕੋਈ ਟਿੱਪਣੀ ਕਰਾਂ ਤਾਂ ਸਹੀ ਨਹੀਂ ਹੋਵੇਗਾ। ਜਾਂਚ ਪੂਰੀ ਹੋਣ ’ਤੇ ਸਭ ਸਪੱਸ਼ਟ ਹੋ ਜਾਵੇਗਾ।

Kultar Singh Sandhwan
Kultar Singh Sandhwan

ਸਵਾਲ: ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਜਾਂਚ ਸਿਰਫ਼ ਦਿਖਾਵੇ ਦੀ ਜਾਂਚ ਹੈ, ਨਤੀਜਾ ਕੋਈ ਨਹੀਂ। ਚਾਹੇ ਉਹ ਵਿਜੀਲੈਂਸ ਦੀ ਜਾਂਚ ਹੋਵੇ ਜਾਂ ਸਾਬਕਾ ਮੰਤਰੀਆਂ ਖ਼ਿਲਾਫ਼ ਕੋਈ ਕਾਰਵਾਈ।
ਜਵਾਬ: ਅਸੀਂ ਨਤੀਜੇ ਜਲਦ ਦਿਖਾਵਾਂਗੇ। ਪੰਜਾਬ ਦੇ ਲੋਕਾਂ ਨੇ ਨਤੀਜੇ ਦਿਖਾਉਣ ਲਈ ਹੀ ਆਮ ਆਦਮੀ ਪਾਰਟੀ ਦਾ ਇਨਕਲਾਬ ਲਿਆਂਦਾ ਹੈ। ਪੰਜਾਬੀ ਜੋ ਚਾਹੁੰਦੇ ਹਨ, ਉਹ ਕਰਵਾ ਕੇ ਹਟਦੇ ਹਨ। ਪੰਜਾਬੀ ਜਦੋਂ ਕਿਸੇ ’ਤੇ ਭਰੋਸਾ ਕਰਦੇ ਹਨ ਤਾਂ ਪੂਰਾ ਕਰਦੇ ਹਨ ਅਤੇ ਜੇਕਰ ਗੁੱਸਾ ਹੁੰਦੇ ਹਨ ਤਾਂ ਗੁੱਸਾ ਵੀ ਪੂਰਾ ਦਿਖਾਉਂਦੇ ਹਨ। ਪੁਰਾਣੀਆਂ ਪਾਰਟੀਆਂ ਦੇ ਵਿਸ਼ਵਾਸਘਾਤ ਤੋਂ ਗੁੱਸੇ ਲੋਕਾਂ ਨੇ ਸਾਡੇ ’ਤੇ ਵਿਸ਼ਵਾਸ ਜਤਾਇਆ ਹੈ ਅਸੀਂ ਇਸ ਵਿਸ਼ਵਾਸ ਨੂੰ ਬਣਾਈ ਰੱਖਾਂਗੇ। ਅਸੀਂ ਸਾਰੀਆਂ ਜਾਇਜ਼ ਮੰਗਾਂ ਨੂੰ ਸਿਰੇ ਲਾਵਾਂਗੇ।

ਸਵਾਲ: ਪੰਜਾਬ ਦੀ ਪੇਡੂ ਆਬਾਦੀ ਨੂੰ ਅਰਥਚਾਰੇ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਜਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਉਹ ਬਾਖੂਬੀ ਸਮਝਦੇ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਬਿਆਨਬਾਜ਼ੀ ਨੂੰ ਛੱਡ ਕੇ ਪੰਜਾਬ ਮਾਡਲ ਨੂੰ ਸਹੀ ਮਾਇਨੇ ਵਿਚ ਲਾਗੂ ਕਰਨ ਲਈ ਕੰਮ ਹੋਣਾ ਚਾਹੀਦਾ ਹੈ?
ਜਵਾਬ: ਇਕ ਗੱਲ ਅਸੀਂ ਯਕੀਨੀ ਬਣਾ ਦਿੱਤੀ ਹੈ ਕਿ ਹੁਣ ਆਮ ਆਦਮੀ ਨੂੰ ਥਾਣੇ ਜਾਣ ਲੱਗਿਆਂ ਡਰ ਨਹੀਂ ਲੱਗਦਾ। 75 ਸਾਲਾਂ ਤੋਂ ਉਲਝੀ ਤਾਣੀ ਦਾ ਸਿਰਾ ਲੱਭਣ ਲਈ ਸਮਾਂ ਜ਼ਰੂਰ ਲੱਗੇਗਾ। ਗਲੀਆਂ ਨਾਲੀਆਂ ਨੂੰ ਸਹੀ ਕਰਨ ਲਈ ਹਜ਼ਾਰਾਂ ਕਰੋੜ ਦੇ ਪ੍ਰਾਜੈਕਟ ਬਣਾਏ ਗਏ ਪਰ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਹੋਇਆ। ਇਹ ਸਭ ਰਾਤੋ-ਰਾਤ ਸਹੀ ਨਹੀਂ ਹੋਵੇਗਾ, ਇਸ ਨੂੰ ਸਹੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਦੀ ਜਾਂਚ ਵੀ ਕਰਾਵਾਂਗੇ ਅਤੇ ਕੰਮ ਨੂੰ ਸਹੀ ਵੀ ਕਰਾਂਗੇ। ਪੰਜਾਬ ਦੇ ਲੋਕ ਵੀ ਸਮਝ ਗਏ ਹਨ ਅਤੇ ਸਾਥ ਵੀ ਦੇ ਰਹੇ ਹਨ ਕਿਉਂਕਿ ਜਦੋਂ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਲੋਕ ਆਪਣੇ ਆਪ ਨਾਲ ਖੜ੍ਹਦੇ ਹਨ।

ਸਵਾਲ: ਤੁਹਾਨੂੰ ਪੰਜਾਬ ਵਿਚ ਕਿਸਾਨਾਂ ਦੀ ਆਵਾਜ਼ ਚੁੱਕਣ ਲਈ ਜਾਣਿਆ ਜਾਂਦਾ ਸੀ। ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਹਨ, ਨਕਲੀ ਬੀਜਾਂ ਜਾਂ ਨਕਲੀ ਸਪਰੇਅ ਕਰਕੇ ਫ਼ਸਲਾਂ ਅੱਜ ਵੀ ਖਰਾਬ ਹੋ ਰਹੀਆਂ ਹਨ। ਕਿਸਾਨ ਅਸਲ ਵਿਚ ਕਦੋਂ ਖੁਸ਼ ਹੋਵੇਗਾ?
ਜਵਾਬ: ਅੱਜ ਇਕ ਕਿਸਾਨ ਦਾ ਪੁੱਤਰ ਸਪੀਕਰ ਹੈ ਤੇ 4-5 ਕਿੱਲਿਆਂ ਵਾਲਾ ਕਿਸਾਨ ਖੇਤੀਬਾੜੀ ਮੰਤਰੀ ਹੈ। ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਚਿੰਤਤ ਹਾਂ। ਸਾਨੂੰ ਪੂਰੀ ਸਮਝ ਹੈ ਕਿ ਲੋਕ ਕੀ ਚਾਹੁੰਦੇ ਹਨ, ਕਿਸਾਨੀ ਨੂੰ ਅੱਗੇ ਲਿਜਾਉਣ ਲਈ ਕੰਮ ਕਰਾਂਗੇ। ਜੇ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਹਨ ਤਾਂ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੀ ਵਧੀਆ ਨੌਕਰੀ ਖੇਤੀਬਾੜੀ ਸੈਕਟਰ ਵਿਚ ਮਿਲ ਸਕਦੀ ਹੈ, ਉਹ ਕਿਤੇ ਨਹੀਂ ਮਿਲ ਸਕਦੀ। ਅਸੀਂ ਕਿਸਾਨ, ਕਿਸਾਨੀ, ਖੇਤੀਬਾੜੀ ਅਤੇ ਮਜ਼ਦੂਰ ਨੂੰ ਤਕੜੇ ਕਰਨਾ ਹੈ।

ਸਵਾਲ:  ਸਾਡੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ। ਬੱਚੇ 12ਵੀਂ ਕਰਦੇ ਹਨ ਤੇ 20-25 ਲੱਖ ਲਗਾ ਕੇ ਵਿਦੇਸ਼ ਚਲੇ ਜਾਂਦੇ ਹਨ, ਪਰਵਾਸੀ ਆ ਕੇ ਜ਼ਮੀਨਾਂ ਸੰਭਾਲਦੇ ਹਨ। ਪੰਜਾਬ ਵਿਚ ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾਵੇਗਾ?
ਜਵਾਬ: ਇਹ ਬੱਚੇ ਵਿਦੇਸ਼ ਤਾਂ ਚਲੇ ਜਾਂਦੇ ਹਨ ਪਰ ਇਹ ਵਿਦੇਸ਼ਾਂ ਵਿਚ ਵੀ ਰਾਤ ਨੂੰ ਪੰਜਾਬ ਵੱਲ ਹੀ ਝਾਕਦੇ ਹਨ, ਇਨ੍ਹਾਂ ਦੇ ਦਿਲ ਵਿਚੋਂ ਪੰਜਾਬ ਨਹੀਂ ਜਾਂਦਾ। ਵੱਡੇ-ਵੱਡੇ ਕਾਰੋਬਾਰੀ ਫੋਨ ਕਰਦੇ ਹਨ ਕਿ ਤੁਸੀਂ ਕੁਝ ਵੀ ਕਰੋ, ਅਸੀਂ ਤੁਹਾਡੇ ਨਾਲ ਹਾਂ। ਅਸੀਂ ਪੰਜਾਬ ਵਿਚ ਬਹੁਤ ਵਧੀਆ ਸਿਸਟਮ ਬਣਾਵਾਂਗੇ ਅਤੇ ਦਿਨ-ਰਾਤ ਇਸ ਕੰਮ ਵਿਚ ਲੱਗੇ ਹੋਏ ਹਾਂ। ਐਗਰੋ ਬੇਸਡ ਇੰਡਸਟਰੀ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਸਵਾਲ: ਅਮਰੀਕਾ ਦੇ ਵੱਡੇ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਮਨੀਸ਼ ਸਿਸੋਦੀਆ ਦੀ ਤਸਵੀਰ ਲੱਗੀ। ਦੂਜੇ ਪਾਸੇ ਅਗਲੇ ਦਿਨ ਸੀਬੀਆਈ ਦੀ ਰੇਡ ਨੂੰ ਲੈ ਕੇ ਦੇਸ਼ ਦੀਆਂ ਅਖ਼ਬਾਰਾਂ ਵਿਚ ਉਨ੍ਹਾਂ ਦੀ ਤਸਵੀਰ ਲੱਗੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਲਾਂਕਿ ਰੇਡ ਦੌਰਾਨ ਕੁਝ ਮਿਲਿਆ ਨਹੀਂ ਪਰ ਕੀ ਤੁਸੀਂ ਇਸ ਨੂੰ ਸਾਰਥਕ ਮੰਨਦੇ ਹੋ?
ਜਵਾਬ: ਮਾਣਯੋਗ ਅਰਵਿੰਦ ਕੇਜਰੀਵਾਲ ਅਤੇ ਮਾਣਯੋਗ ਮਨੀਸ਼ ਸਿਸੋਦੀਆ ਇਕ ਜੋੜੀ ਹੈ। ਇਸ ਜੋੜੀ ਨੇ ਅਜਿਹਾ ਕੰਮ ਕੀਤਾ ਕਿ ਹੁਣ ਰਿਕਸ਼ਾ ਚਲਾਉਣ ਵਾਲਾ ਵੀ ਸੋਚ ਰਿਹਾ ਹੈ ਕਿ ਮੇਰਾ ਬੱਚਾ ਜੱਜ ਬਣੇਗਾ। ਜੱਜ, ਕਾਰੋਬਾਰੀ ਅਤੇ ਦਿਹਾੜੀਦਾਰ ਦੇ ਬੱਚੇ ਇਕੋ ਥਾਂ ਇਕੱਠੇ ਪੜ੍ਹ ਰਹੇ  ਹਨ। ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਇਸ ਸਿੱਖਿਆ ਮਾਡਲ ਦੀ ਤਸਵੀਰ ਲੱਗੀ। ਇੰਗਲੈਂਡ ਵਿਚ ਚੋਣਾਂ ਸਮੇਂ ਉਹੀ ਵਾਅਦੇ ਕੀਤੇ ਜਾ ਰਹੇ ਜੋ ਅਰਵਿੰਦ ਕੇਜਰੀਵਾਲ ਜੀ ਨੇ ਕੀਤੇ ਸੀ। ਵੱਖ-ਵੱਖ ਸੂਬੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਅਪਣਾ ਰਹੇ ਹਨ ਹੁਣ ਕਿਸੇ ਨਾ ਕਿਸੇ ਨੂੰ ਤਾਂ ਘਬਰਾਹਟ ਹੋਣੀ ਹੈ। ਦਸਾਂ-ਨੁਹਾਂ ਦੀ ਕਿਰਤ ਕਰਨ ਵਾਲੇ ਲੋਕ ਮਨੀਸ਼ ਸਿਸੋਦੀਆ ਨੂੰ ਪਿਆਰ ਕਰਦੇ ਹਨ ਅਤੇ ਲੋਕਾਂ ਦੇ ਦਿਲ ਵਿਚ ਉਨ੍ਹਾਂ ਦੀ ਤਸਵੀਰ ਤੋਂ ਕੇਂਦਰ ਨੂੰ ਘਬਰਾਹਟ ਹੋ ਰਹੀ ਹੈ।
ਪਹਿਲਾਂ ਜਦੋਂ ਇਨ੍ਹਾਂ ਨੇ ਕੇਜਰੀਵਾਲ ਦੇ ਘਰ ਛਾਪਾ ਮਾਰਿਆਂ ਤਾਂ ਇਨ੍ਹਾਂ ਨੂੰ ਮਫ਼ਰਲ ਹੀ ਮਿਲੇ ਸੀ। ਮਨੀਸ਼ ਸਿਸੋਦੀਆ ਦੇ ਘਰੋਂ 4 ਕਿਤਾਬਾਂ ਤੋਂ ਇਲਾਵਾ ਕੁਝ ਵੀ ਨਹੀਂ ਲੱਭਣਾ। ਉਹ ਇਮਾਨਦਾਰ ਹਨ ਅਤੇ ਕੰਮ ਕਰਨ ਵਾਲੇ ਬੰਦੇ ਨੂੰ ਡਰਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਜਾ ਕੇ ਅਡਾਨੀ ਦੇ ਪੋਰਟ ਤੋਂ ਕਰੋੜਾਂ ਰੁਪਏ ਦੇ ਨਸ਼ੇ ਫੜਦੀ ਹੈ, ਉੱਥੇ ਸਰਕਾਰੀ ਸੁਰੱਖਿਆ ਨਹੀਂ ਲਗਾਈ ਗਈ। ਈਡੀ ਤੇ ਸੀਬੀਆਈ ਉੱਥੇ ਕਿਉਂ ਨਹੀਂ ਭੇਜੀ ਗਈ?

Manish SisodiaManish Sisodia

ਸਵਾਲ: ਤੁਹਾਡੀ ਸਰਕਾਰ ਵੱਲੋਂ ਸਾਬਕਾ ਮੰਤਰੀਆਂ ’ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਲੈ ਕੇ ਵਿਰੋਧੀ ਲਗਾਤਾਰ ਹਮਲਾਵਰ ਹਨ। ਉਨ੍ਹਾਂ ਵੱਲੋਂ ਬਦਲਾਖੋਰੀ ਦੀ ਸਿਆਸਤ ਦੇ ਇਲਜ਼ਾਮ ਲਗਾਏ ਜਾ ਰਹੇ ਹਨ?
ਜਵਾਬ: ਮੈਨੂੰ ਇਹ ਸਮਝ ਨਹੀਂ ਆਉਂਦਾ ਹੈ ਕਿ 10-20 ਸਾਲ ਪਹਿਲਾਂ ਜਿਹੜੇ ਸਕੂਟਰਾਂ ’ਤੇ ਫਿਰਦੇ ਸੀ, ਉਹ ਵੱਡੀਆਂ-ਵੱਡੀਆਂ ਬੱਸਾਂ ਅਤੇ ਕਾਰਾਂ ’ਤੇ ਚੜ੍ਹ ਜਾਂਦੇ ਹਨ। ਸਿਰਫ਼ ਇਕੋ ਪਰਿਵਾਰ ਦੀਆਂ ਬੱਸਾਂ ਚੱਲ ਰਹੀਆਂ ਤੇ ਬਾਕੀ ਸਾਰੀ ਟ੍ਰਾਂਸਪੋਰਟ ਫੇਲ੍ਹ ਹੋ ਗਈ। ਜਾਂ ਤਾਂ ਉਹ ਇਹ ਫਾਰਮੂਲਾ ਲੋਕਾਂ ਨੂੰ ਦੱਸ ਦੇਣ ਤਾਂ ਜੋ ਅਸੀਂ ਪੁਲਿਸ ਨੂੰ ਹੋਰ ਕੰਮ ਉੱਤੇ ਲਗਾ ਦੇਈਏ। ਅਸੀਂ ਉਨ੍ਹਾਂ ਕੋਲ ਇਹ ਫਾਰਮੂਲਾ ਪੁੱਛਣ ਹੀ ਜਾਂਦੇ ਹਾਂ।

ਸਵਾਲ: ਵਿਧਾਨ ਸਭਾ ਵਿਚ ਭਰਤੀਆਂ ਸਬੰਧੀ ਕੀ ਕਾਰਵਾਈ ਹੋ ਰਹੀ ਹੈ?
ਜਵਾਬ: ਕਾਰਵਾਈ ਜਾਰੀ ਹੈ ਅਤੇ ਮੈਂ ਕਾਨੂੰਨੀ ਰਾਇ ਵੀ ਲੈ ਰਿਹਾ ਹਾਂ। ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਪੂਰੀ ਕਰ ਲਈ ਜਾਵੇਗੀ। ਕਰੀਬ 250 ਬੰਦਿਆਂ ਦੀ ਭਰਤੀ ਹੋਈ ਹੈ ਅਤੇ ਕਈ ਲੋਕਾਂ ’ਤੇ ਸ਼ੱਕ ਹੈ ਪਰ ਉਨ੍ਹਾਂ ਨੂੰ ਜਾਂਚ ਤੋਂ ਪਹਿਲਾਂ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਭਰਤੀ ਕਰਵਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਗੈਰ-ਕਾਨੂੰਨੀ ਤਰੀਕੇ ਨਾਲ ਜਾਂ ਕਿਸੇ ਦਾ ਹੱਕ ਮਾਰ ਕੇ ਕਿਸੇ ਹੋਰ ਨੂੰ ਦੇਣਾ ਗਲਤ ਗੱਲ ਹੈ। ਦੋਸ਼ੀ ਨੂੰ ਸਜ਼ਾ ਦੇਵਾਂਗੇ।

ਸਵਾਲ: ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਚੁੱਕੀ ਹੈ। ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਜਸ਼ਨ ਮਨਾਇਆ ਜਾ ਰਿਹਾ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?  
ਜਵਾਬ: ਇੰਝ ਲੱਗਦਾ ਹੈ ਕਿ ਉਹ ਬਹੁਤ ਵੱਡੀ ਜੰਗ ਜਿੱਤ ਕੇ ਆਏ ਹਨ। ਜ਼ਮਾਨਤ ਮਿਲਣਾ ਕਾਨੂੰਨੀ ਹੱਕ ਹੈ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਜਿਹੇ ਇਲਜ਼ਾਮ ਲੱਗਣ ਹੀ ਕਿਉਂ? ਜੇ ਕੋਈ ਨਿਰਦੋਸ਼ ਹੈ ਤਾਂ ਨਿਰਦੋਸ਼ ਨਿਕਲੇ ਜੇ ਦੋਸ਼ੀ ਹੈ ਤਾਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਸਵਾਲ: ਜਦੋਂ ਤੁਸੀਂ ਸਪੀਕਰ ਬਣੇ ਤਾਂ ਸੋਸ਼ਲ ਮੀਡੀਆ ’ਤੇ ਮਖੌਲ ਵੀ ਕੀਤਾ ਗਿਆ ਅਤੇ ਪੁਰਾਣੇ ਸਪੀਕਰਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਤੁਹਾਡਾ ਸਿਆਸੀ ਕਰੀਅਰ ਖ਼ਤਮ ਕਰ ਦਿੱਤਾ ਗਿਆ। ਕੀ ਤੁਹਾਨੂੰ ਡਰ ਤਾਂ ਨਹੀਂ ਲੱਗ ਰਿਹਾ?
ਜਵਾਬ: ਇਹ ਪੰਜਾਬ ਦੇ ਲੋਕਾਂ ਦਾ ਪਿਆਰ ਹੈ। ਅਕਾਲ ਪੁਰਖ ਦੀ ਮਿਹਰ ਸਦਕਾ, ਪੰਜਾਬੀਆਂ ਦੇ ਪਿਆਰ, ਭਗਵੰਤ ਮਾਨ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਦੇ ਸਹਿਯੋਗ ਸਦਕਾ ਵਿਧਾਨ ਸਭ ਵਿਚ ਸਭ ਤੋਂ ਉੱਚੀ ਕੁਰਸੀ ਮੈਨੂੰ ਮਿਲੀ ਹੈ। ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ ਅਤੇ ਇਸ ਤੋਂ ਵਧੀਆ ਜ਼ਿੰਮੇਵਾਰੀ ਹੋਰ ਕੋਈ ਨਹੀਂ ਹੋ ਸਕਦੀ। ਮੈਂ ਹਰੇਕ ਮੰਤਰੀ ਨੂੰ ਪੁੱਛ ਸਕਦਾ ਹਾਂ ਕਿ ਜਵਾਬ ਦਿਓ।

ਸਵਾਲ: ਵਿਰੋਧੀਆਂ ਮੂੰਹੋਂ ਆਪਣੀਆਂ ਤਰੀਫਾਂ ਸੁਣ ਕੇ ਕਿਵੇਂ ਦਾ ਲੱਗਦਾ ਹੈ?
ਜਵਾਬ: ਵਿਰੋਧੀ ਵੀ ਪੰਜਾਬੀ ਹੀ ਹਨ ਅਤੇ ਮੇਰੇ ਲ਼ਈ ਸਾਰੇ ਪੰਜਾਬੀ ਇਕੋ ਜਿਹੇ ਹਨ। ਸਾਰੇ ਆਪਣੇ ਹਨ ਅਤੇ ਤਾਰੀਫ ਸੁਣ ਕੇ ਚੰਗਾ ਲੱਗਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM
Advertisement