
ਕਿਹਾ- ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਕ੍ਰਾਂਤੀਕਾਰੀਆਂ ਦੀ ਪਵਿੱਤਰ ਧਰਤੀ ਹੈ ਪੰਜਾਬ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁਹਾਲੀ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਇਸ ਤੋਂ ਬਾਅਦ ਉਹਨਾਂ ਨੇ ਕੈਂਸਰ ਹਸਪਤਾਲ ਦਾ ਜਾਇਜ਼ਾ ਲਿਆ ਅਤੇ ਉਥੇ ਕੰਮ ਕਰਦੇ ਡਾਕਟਰਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਇਸ ਹਸਪਤਾਲ ਅਤੇ ਖੋਜ ਕੇਂਦਰ ਦਾ ਲਾਭ ਮਿਲੇਗਾ।
PM Modi inaugurates Homi Bhabha Cancer Hospital and Research Centre
ਉਹਨਾਂ ਕਿਹਾ ਕਿ ਪੰਜਾਬ ਆਜ਼ਾਦੀ ਘੁਲਾਟੀਆਂ, ਕ੍ਰਾਂਤੀਕਾਰੀਆਂ ਅਤੇ ਦੇਸ਼ ਭਗਤੀ ਨਾਲ ਭਰੀ ਪਰੰਪਰਾ ਦੀ ਧਰਤੀ ਹੈ। ਪੰਜਾਬ ਨੇ ਹਰ ਘਰ ਤਿਰੰਗਾ ਮੁਹਿੰਮ ਦੌਰਾਨ ਵੀ ਇਸ ਪਰੰਪਰਾ ਨੂੰ ਕਾਇਮ ਰੱਖਿਆ। ਪੀਐਮ ਨੇ ਕਿਹਾ ਕਿ ਦੂਰ-ਦੁਰਾਡੇ ਦੇ ਲੋਕ ਕੈਂਸਰ ਸਮੇਤ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਚੰਡੀਗੜ੍ਹ ਪੀਜੀਆਈ ਵਿਚ ਆਉਂਦੇ ਹਨ। ਪੀਜੀਆਈ ਵਿਚ ਜ਼ਿਆਦਾ ਭੀੜ ਹੋਣ ਕਾਰਨ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟਾਟਾ ਹਸਪਤਾਲ ਕੋਲ ਹਰ ਸਾਲ ਡੇਢ ਲੱਖ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਦਾ ਪ੍ਰਬੰਧ ਹੈ।
PM Modi inaugurates Homi Bhabha Cancer Hospital and Research Centre
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਸਿਹਤ ਦੇ ਖੇਤਰ 'ਚ ਜਿੰਨ੍ਹਾ ਕੰਮ ਪਿਛਲੇ 7-8 ਸਾਲ 'ਚ ਹੋਇਆ, ਓਨਾ ਕੰਮ ਪਿਛਲੇ 70 ਸਾਲ 'ਚ ਨਹੀਂ ਹੋਇਆ।
ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਦੇਸ਼ ਵਿਚ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਦੀ ਲੋੜ ਸੀ, ਜੋ ਗਰੀਬ ਲੋਕਾਂ ਦਾ ਧਿਆਨ ਰੱਖ ਸਕੇ। ਇਕ ਚੰਗੀ ਸਿਹਤ ਸੰਭਾਲ ਪ੍ਰਣਾਲੀ ਸਿਰਫ਼ ਇਕ ਚਾਰਦੀਵਾਰੀ ਬਣਾਉਣ ਤੱਕ ਸੀਮਤ ਨਹੀਂ ਹੈ। ਸਿਹਤ ਸੰਭਾਲ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। 2014 ਤੋਂ ਪਹਿਲਾਂ 400 ਤੋਂ ਘੱਟ ਮੈਡੀਕਲ ਕਾਲਜ ਸਨ। ਪਿਛਲੇ 8 ਸਾਲਾਂ ਵਿਚ 200 ਤੋਂ ਵੱਧ ਮੈਡੀਕਲ ਕਾਲਜ ਸਥਾਪਤ ਹੋ ਚੁੱਕੇ ਹਨ।
PM Modi inaugurates Homi Bhabha Cancer Hospital and Research Centre
ਪੀਐਮ ਨੇ ਕਿਹਾ ਕਿ ਪਿੰਡਾਂ ਵਿਚ ਹੈਲਥ ਅਤੇ ਵੈਲਨੈੱਸ ਕੇਂਦਰ ਬਣਾਏ ਜਾ ਰਹੇ ਹਨ। ਕਰੀਬ 1.25 ਲੱਖ ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਵੀ 3 ਹਜ਼ਾਰ ਕੇਂਦਰ ਸੇਵਾ ਦੇ ਰਹੇ ਹਨ। ਇਹਨਾਂ ਵਿਚ 22 ਕਰੋੜ ਲੋਕਾਂ ਦੀ ਕੈਂਸਰ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 60 ਲੱਖ ਸਕ੍ਰੀਨਿੰਗ ਇਕੱਲੇ ਪੰਜਾਬ ਵਿਚ ਕੀਤੀ ਗਈ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਰਸਾਇਣਕ ਖਾਦਾਂ ਕਾਰਨ ਕੈਂਸਰ ਫੈਲ ਰਿਹਾ ਹੈ।
PM Modi inaugurates Homi Bhabha Cancer Hospital and Research Centre
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੈਂਸਰ ਤੋਂ ਡਰਦੇ ਹਨ। ਮਹਿੰਗਾ ਇਲਾਜ ਲੋਕਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸੁਰੱਖਿਆ ਕੁਤਾਹੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਪਰਤਣਾ ਪਿਆ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਪੂਰਾ ਪ੍ਰਬੰਧ ਕਰਨਾ ਸਾਡਾ ਫਰਜ਼ ਹੈ। ਪੰਜਾਬ ਹਮੇਸ਼ਾ ਹੀ ਆਪਣੀ ਪ੍ਰਾਹੁਣਚਾਰੀ ਲਈ ਜਾਣਿਆ ਜਾਂਦਾ ਹੈ। ਮਾਨ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਸਾਡੀ ਤਰਜੀਹ ਹੈ।