
ਕਿਹਾ, ਹੁਸ਼ਿਆਰਪੁਰ 'ਚ ਇਕੋ ਦੁਸਹਿਰਾ ਮਨਾਇਆ ਜਾਂਦਾ ਹੈ, ਇਸ ਦੀ ਮੈਨੂੰ ਬਹੁਤ ਖੁਸ਼ੀ ਹੈ
ਚੰਡੀਗੜ੍ਹ: ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰੇ ਹੁਸ਼ਿਆਰਪੁਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਵਾਰ ਦੁਸਿਹਰਾ ਦੇਖਣ ਲਈ ਆਏ ਲੋਕਾਂ ਦੇ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ। ਇਸ ਦੌਰਾਨ ਮੁੱਖ ਮੰਤਰੀ ਵਲੋਂ ਗਰਾਊਂਡ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸੀ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇਥੇ ਬੁਲਾਉਣ ਲਈ ਮੈਂ ਹੁਸ਼ਿਆਰਪੁਰ ਰਾਮਲੀਲਾ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਹਾਂ। ਅਗਲੇ ਸਾਲ ਤੁਸੀਂ ਦੁਸਹਿਰਾ ਖੜ੍ਹ ਕੇ ਨਹੀਂ ਪੌੜੀਆਂ ‘ਤੇ ਬੈਠ ਕੇ ਦੇਖੋਗੇ, ਇਸ ਲਈ ਮੈਂ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਉਨ੍ਹਾਂ ਦਸਿਆ ਕਿ ਸਰਕਾਰ ਵਲੋਂ ਹੁਣ ਤਕ ਪੰਜ ਸ਼ਹਿਰਾਂ ‘ਚ ਮੈਡੀਕਲ ਕਾਲਜ ਬਣਾਉਣ ਨੂੰ ਮਨਜ਼ੂਰੀ ਦਿਤੀ ਗਈ ਹੈ, ਜਿਨ੍ਹਾਂ ‘ਚੋਂ 3 ਅਗਲੇ ਸਮੈਸਟਰ ‘ਚ ਸ਼ੁਰੂ ਹੋ ਜਾਣਗੇ ਅਤੇ ਹੁਸ਼ਿਆਰਪੁਰ ਦਾ ਮੈਡੀਕਲ ਕਾਲਜ ਉਨ੍ਹਾਂ ‘ਚੋ ਇਕ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਇੱਕ ਮੁੱਖ ਮੰਤਰੀ ਨਹੀਂ ਬਲਕਿ ਦੁਸਹਿਰੇ ਦੇ ਮੇਲੇ ‘ਚ ਮੇਲੀਆਂ ਵਾਂਗ ਆਇਆ ਹਾਂ।
Dussehra celebrated in Amritsar
ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਚ ਸਾੜਿਆ ਗਿਆ ਰਾਵਣ
ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਚ 90 ਫੁੱਟ ਉੱਚੇ ਰਾਵਣ ਅਤੇ 80-80 ਫੁੱਟ ਉੱਚੇ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਦੱਸ ਦੇਈਏ ਕਿ ਪੂਰੇ ਜ਼ਿਲੇ 'ਚ 12 ਥਾਵਾਂ 'ਤੇ ਰਾਵਣ ਦਹਿਨ ਨੂੰ ਲੈ ਕੇ ਵੱਡੇ-ਵੱਡੇ ਪ੍ਰੋਗਰਾਮ ਆਯੋਜਤ ਕੀਤੇ ਗਏ ਸਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ 7 ਥਾਵਾਂ 'ਤੇ ਰਾਵਣ ਸਾੜਨ ਦੀ ਇਜਾਜ਼ਤ ਦਿਤੀ ਸੀ।
Dussehra celebrated in Jalandhar
ਜਲੰਧਰ ਵਿਚ ਸਾੜਿਆ ਗਿਆ 80 ਫੁੱਟ ਦਾ ਰਾਵਣ
ਜਲੰਧਰ ਦੇ ਸਾਈਂਦਾਸ ਗਰਾਊਂਡ 'ਚ 80 ਫੁੱਟ ਦਾ ਰਾਵਣ ਸਾੜਿਆ ਗਿਆ। ਇਸ ਤੋਂ ਇਲਾਵਾ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਵੀ ਫੂਕੇ ਗਏ। ਪੁਤਲਾ ਫੂਕਣ ਤੋਂ ਪਹਿਲਾਂ ਸ਼ਹਿਰ ਵਿਚ ਸ਼ੋਭਾਯਾਤਰਾ ਕੱਢੀ ਗਈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਰੋਕਣ ਲਈ ਪੁਤਲੇ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕੀਤੀ ਗਈ ਸੀ। ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਕੁੱਲ 20 ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਦੀ ਪੁਲਿਸ ਤੋਂ ਇਜਾਜ਼ਤ ਲੈ ਲਈ ਗਈ ਹੈ।
Dussehra celebrated in Ludhiana
ਲੁਧਿਆਣਾ ਵਿਚ ਵੀ ਸਾੜਿਆ ਗਿਆ ਰਾਵਣ ਦਾ ਪੁਤਲਾ
ਲੁਧਿਆਣਾ 'ਚ ਅੱਜ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੰਬੜਾ ਰੋਡ ਤੇ ਦਰੇਸੀ ਵਿਚ ਰਾਵਣ ਦਾ ਪੁਤਲਾ ਫੂਕਿਆ ਗਿਆ ਹੈ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ। ਇਸ ਦੇ ਨਾਲ ਹੀ ਸੁਰੱਖਿਆ ਲਈ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ।