
ਇੱਕੀਵੀਂ ਸਦੀ ਦੁਸ਼ਮਣ ਪ੍ਰਤੀ ਵੀ ਏਨੀ ਨਫ਼ਰਤ, ਸਦੀਆਂ ਮਗਰੋਂ ਵੀ ਨਿਰੰਤਰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦੇਂਦੀ।
ਰੱਬ ਨੇ ਦੁਨੀਆਂ ਬਣਾਈ ਹੀ ਇਸ ਤਰ੍ਹਾਂ ਦੀ ਹੈ ਕਿ ਇਥੇ ਹਰ ਰੋਜ਼, ਹਰ ਪਲ, ਹਰ ਥਾਂ ਨੇਕੀ ਅਤੇ ਬਦੀ ਵਿਚਕਾਰ ਲੜਾਈ ਹੁੰਦੀ ਰਹਿੰਦੀ ਹੈ। ਕਦੇ ਨੇਕੀ ਹਾਰ ਜਾਂਦੀ ਹੈ, ਕਦੇ ਬਦੀ ਹਾਰ ਜਾਂਦੀ ਹੈ। ਮਨੁੱਖ ਦੇ ਧੁਰ ਅੰਦਰ ਦੀ ਇੱਛਾ ਇਹੀ ਹੁੰਦੀ ਹੈ ਕਿ ਨੇਕੀ ਸਦਾ ਹੀ ਜਿੱਤੇ। ਇਸੇ ਲਈ, ਰਾਵਣ ਦੀ ਹਾਰ ਨੂੰ, ਹਿੰਦੁਸਤਾਨ ਵਿਚ ਹਰ ਸਾਲ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਰਾਵਣ ਦਾ ਵੱਡਾ ਸਾਰਾ ਪੁਤਲਾ ਬਣਾ ਕੇ, ਕਿਸੇ ਕੇਂਦਰੀ ਅਸਥਾਨ ਤੇ, ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਸਾੜਿਆ ਜਾਂਦਾ ਹੈ। ਰਾਵਣ ਕੋਈ ਲੰਕਾ ਵਰਗੇ ਛੋਟੇ ਜਹੇ ਟਾਪੂ ਦਾ ਰਾਜਾ ਨਹੀਂ ਸੀ ਸਗੋਂ ਬਹੁਤ ਵਿਦਵਾਨ ਸੀ ਤੇ ਇਸੇ ਲਈ ਉਸ ਨੂੰ ‘ਦਸ ਸਿਰਾ’ ਕਹਿੰਦੇ ਸਨ ਅਰਥਾਤ ਦਸ ਸਿਰਾਂ ਜਿੰਨੀ ਕਾਬਲੀਅਤ ਉਸ ਦੇ ਇਕ ਸਿਰ ਵਿਚ ਮੰਨੀ ਜਾਂਦੀ ਸੀ। ਵੇਦਾਂ, ਗ੍ਰੰਥਾਂ ਦਾ ਮਹਾਂ-ਗਿਆਨੀ ਪੰਡਤ ਸੀ ਰਾਵਣ।
ਫਿਰ ਉਸ ਨੇ ਬਦੀ ਕੀ ਕਰ ਦਿਤੀ? ਉਸ ਦੀ ਭੈਣ ਸਰੂਪ ਨਖਾ ਦਾ, ਬਨਵਾਸ ਭੁਗਤ ਰਹੇ ਰਾਮ, ਲਛਮਣ ਸੀਤਾ ਵਿਚੋਂ ਲਛਮਣ ਨਾਲ ਜੰਗਲ ਵਿਚ ਮੇਲ ਹੋ ਗਿਆ। ਉਹ ਰਾਜਕੁਮਾਰ ਲਛਮਣ ਉਤੇ ਮੋਹਿਤ ਹੋ ਗਈ ਤੇ ਚਾਹੁੰਦੀ ਸੀ ਕਿ ਲਛਮਣ ਉਸ ਨੂੰ ਅਪਣੀ ‘ਰਾਣੀ’ ਬਣਾ ਲਵੇ। ਪਰ ਲਛਮਣ ਬਹੁਤ ਗਹਿਰ-ਗੰਭੀਰ ਰਾਜਕੁਮਾਰ ਸੀ ਤੇ ਰਾਹ ਚਲਦਿਆਂ ਇਸ਼ਕ-ਪੇਚੇ ਵਿਚ ਫਸਣ ਵਾਲਾ ਨੌਜੁਆਨ ਨਹੀਂ ਸੀ। ਉਹਨੇ ਸਰੂਪਨਖਾ ਨੂੰ ਸਮਝਾਇਆ ਕਿ ਉਹ ਕੋਈ ਹੋਰ ਘਰ ਵੇਖੇ ਕਿਉਂਕਿ ਉਹ ਰਾਹ ਜਾਂਦਿਆਂ, ਜੀਵਨ-ਸਾਥੀ ਚੁਣਨ ਦੀ ਸੋਚ ਵੀ ਨਹੀਂ ਸਕਦਾ। ਜਦ ਸਰੂਪਨਖਾ ਫਿਰ ਵੀ ਨਾ ਸਮਝੀ ਤਾਂ ਲਛਮਣ ਨੇ ਚਾਕੂ ਨਾਲ ਉਸ ਦਾ ਨੱਕ ਵੱਢ ਦਿਤਾ। ਸਰੂਪਨਖਾ ਨੇ ਭਰਾ ਰਾਵਣ ਨੂੰ ਰੋ ਰੋ ਕੇ ਅਪਣਾ ਹਾਲ ਸੁਣਾਇਆ ਤੇ ਸਾਰੀ ਗੱਲ ਦੱਸੀ। ਰਾਵਣ ਨੇ ਬਨਵਾਸ ਭੁਗਤ ਰਹੇ ਰਾਮ, ਲਛਮਣ ਨੂੰ ਸਜ਼ਾ ਦੇਣ ਲਈ, ਛਲ ਕਪਟ ਨਾਲ ਸੀਤਾ ਉਸ ਵੇਲੇ ਚੁਕ ਲਿਆਂਦੀ ਜਦ ਰਾਮ ਅਤੇ ਲਛਮਣ ਦੋਵੇਂ ਹੀ ਜੰਗਲ ਦੀ ਕੁਟੀਆ ਵਿਚ ਨਹੀਂ ਸਨ ਤੇ ਬਾਹਰ ਗਏ ਹੋਏ ਸਨ।
ਸੋ ਰਾਮ ਅਤੇ ਰਾਵਣ ਵਿਚਕਾਰ ਲੜਾਈ ਹੋਈ ਜਿਸ ਵਿਚ ਰਾਮ ਨੇ ਬਾਂਦਰਾਂ ਦੀ ਸੈੈਨਾ ਨਾਲ ਲੰਕਾ-ਨਰੇਸ਼ ਉਤੇ ਚੜ੍ਹਾਈ ਕਰ ਦਿਤੀ ਅਤੇ ਰਾਵਣ ਦੇ ਪ੍ਰਵਾਰ ਵਿਚੋਂ ਵੀ ਕੁੱਝ ਸਹਾਇਤਾ ਰਾਜਾ ਰਾਮ ਚੰਦਰ ਜੀ ਨੂੰ ਮਿਲੀ। ਮਹਾਂ-ਗਿਆਨੀ ਰਾਵਣ ਦੇ ਭਰਾ ਭਾਈ ਵੀ 6-6 ਮਹੀਨੇ ਸੌਣ ਵਾਲੇ ਦੱਸੇ ਗਏ ਹਨ ਤੇ ਸ਼ਰਾਬ ਆਦਿ ਨਸ਼ੇ ਵੀ ਗਲਾਸੀਆਂ ਵਿਚ ਪਾ ਕੇ ਨਹੀਂ, ਘੜੇ ਭਰ ਕੇ ਪੀਂਦੇ ਵਿਖਾਏ ਗਏ ਹਨ। ਅਜਿਹੀ ਹਾਲਤ ਵਿਚ ਜਤੀ-ਸਤੀ ਤੇ ਮਾਤਾ-ਪਿਤਾ ਦੇ ਆਗਿਆਕਾਰੀ ਰਾਮ-ਲਛਮਣ ਦੀ ਜਿੱਤ ਤਾਂ ਹੋਣੀ ਹੀ ਸੀ, ਭਾਵੇਂ ਰਾਵਣ ਨੇ ਕੋਈ ਬਦੀ ਕੀਤੀ ਹੁੰਦੀ ਜਾਂ ਨਾ। ਪਰ ਇਥੇ ਤਾਂ ਰਾਵਣ ਦੀ ਬਦੀ ਸਾਫ਼ ਜ਼ਾਹਰ ਹੈ। ਇਸੇ ਲਈ ਹਰ ਸਾਲ ਭਾਰਤੀ ਹਿੰਦੂ ਇਸ ਜਿੱਤ ਨੂੰ ਰਾਵਣ ਤੇ ਭਭੀਖਣ ਦੇ ਪੁਤਲੇ ਸਾੜ ਕੇ ਮਨਾਉਂਦੇ ਹਨ।
ਪਰ 21ਵੀਂ ਸਦੀ ਵਿਚ ਆ ਕੇ ਪੁਛਿਆ ਜਾ ਸਕਦਾ ਹੈ ਕਿ ਇਕ ਸੱਚੀ ਜਾਂ ਮਿਥਿਹਾਸਕ ਕਥਾ ਦਾ ਚੰਗਾ ਸੁਨੇਹਾ ਦੇਣ ਲਈ ਵੀ ਕੀ ਮਾੜੇ ਤੋਂ ਮਾੜੇ ਦੁਸ਼ਮਣ ਨੂੰ ਹਰ ਸਾਲ ਸਾੜਨਾ ਕਿਸੇ ਧਰਮ-ਗ੍ਰੰਥ ਅਨੁਸਾਰ ਜਾਇਜ਼ ਵੀ ਹੈ ਜਾਂ ਨਹੀਂ? ਅਤੇ ਕੀ ਇਸ ਨਾਲ ਬਦੀ ਵਿਚ ਕੋਈ ਸੰਸਾਰ ਵਿਚ ਕਮੀ ਆਈ ਹੈ? ਜਿਹੜੇ ਸਮਾਜਾਂ ਜਾਂ ਜਿਹੜੇ ਧਰਮਾਂ ਵਿਚ ਇਸ ਤਰ੍ਹਾਂ ਬਦੀ ਦੇ ਪੁਤਲੇ ਨਹੀਂ ਸਾੜੇ ਜਾਂਦੇ, ਕੀ ਉਥੇ ਬਦੀ ਦੀ ਹਾਲਤ, ਸਾਡੇ ਨਾਲੋਂ ਵਧੇਰੇ ਮਾੜੀ ਹੈ? 21ਵੀਂ ਸਦੀ ਦਾ ਮਨੁੱਖ ਹਰ ਸਵਾਲ ਦੇ ਚੰਗੇ ਮਾੜੇ ਪੱਖ ਮਿੰਟਾਂ ਵਿਚ ਗਿਣ ਕੇ ਸੁਣਾ ਸਕਦਾ ਹੈ ਪਰ ਰਾਵਣ ਦੇ ਪੁਤਲੇ ਸਾੜੇ ਜਾਣ ਦੀ ਗੱਲ ਬਾਰੇ ਉਸ ਨੇ ਕਦੇ ਵੀ ਵਿਚਾਰ ਕਿਉਂ ਨਹੀਂ ਕੀਤਾ?
ਇਹ ਵਿਚਾਰ ਇਸ ਲਈ ਵੀ ਜ਼ਰੂਰੀ ਹੈ ਕਿ ਹਿੰਦੁਸਤਾਨ ਵਿਚ ਵੀ ਅਜਿਹੇ ਕਈ ਛੋਟੇ ਇਲਾਕੇ ਹਨ ਜਿਥੇ ਰਾਵਣ ਦੀ ਅੱਜ ਵੀ ਪੂਜਾ ਹੁੰਦੀ ਹੈ। ਹਿਮਾਚਲ ਦਾ ਕੁੱਲੂ ਦਾ ਦੁਸਹਿਰਾ ਸਾਰੇ ਦੇਸ਼ ਵਿਚ ਪ੍ਰਸਿੱਧ ਹੈ ਅਤੇ ਦੇਸ਼ ਭਰ ’ਚੋਂ ਲੋਕ ਇਹ ਦੁਸਹਿਰਾ ਵੇਖਣ ਲਈ ਆਉਂਦੇ ਹਨ ਪਰ ਉਥੇ ਰਾਵਣ ਦਾ ਪੁਤਲਾ ਕਿਸੇ ਨੇ ਕਦੇ ਨਹੀਂ ਸਾੜਿਆ। ਕੀ ਕੁੱਲੂ ਵਰਗਾ ਦੁਸਹਿਰਾ ਸਾਰੇ ਦੇਸ਼ ਵਿਚ ਨਹੀਂ ਮਨਾਇਆ ਜਾ ਸਕਦਾ?
ਇੱਕੀਵੀਂ ਸਦੀ ਦੁਸ਼ਮਣ ਪ੍ਰਤੀ ਵੀ ਏਨੀ ਨਫ਼ਰਤ, ਸਦੀਆਂ ਮਗਰੋਂ ਵੀ ਨਿਰੰਤਰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦੇਂਦੀ। ਹਿੰਦੁਸਤਾਨ ਵਿਚ ਹੀ ਵਿਦੇਸ਼ੀ ਹੁਕਮਰਾਨਾਂ ਨੇ ਰਾਵਣ ਨਾਲੋਂ ਵੱਧ ‘ਬਦੀ’ ਇਸ ਦੇਸ਼ ਨਾਲ ਕੀਤੀ ਤੇ ਇਥੋਂ ਦੇ ਲੋਕਾਂ ਨਾਲ ਕੀਤੀ ਪਰ ਦੁਸਹਿਰੇ ਵਾਂਗ ਕਿਸੇ ਬੇਪਤੀ ਜਾਂ ਬਦੀ ਨੂੰ ਮਨਾਇਆ ਤਾਂ ਨਹੀਂ ਜਾਂਦਾ। ਸੱਭ ਤੋਂ ਮਾੜੀ ਗੱਲ ਕਿ ਪਿਛਲੇ ਸਾਲ ਵੀ, ਪੰਜਾਬ ਸਮੇਤ, ਦੇਸ਼ ਦੇ ਕਈ ਕੋਨਿਆਂ ਤੋਂ ਇਹ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਸਨ ਕਿ ਕੁੱਝ ਰਾਵਣ-ਭਗਤਾਂ ਨੇ ‘ਰਾਮ’ ਦੇ ਪੁਤਲੇ ਸਾੜੇ ਸਨ। ਰਾਵਣ-ਭਗਤਾਂ ਦੀ ਗਿਣਤੀ ਅਜੇ ਬਹੁਤ ਥੋੜੀ ਹੈ ਪਰ ਕਲ ਨੂੰ ਕਿਸੇ ਹੋਰ ‘ਜਾਤੀ’ ਨੇ ਪਾਲਾ ਬਦਲ ਲਿਆ ਤਾਂ ਵੱਡੀਆਂ ਝੜਪਾਂ ਵੀ ਹੋ ਸਕਦੀਆਂ ਹਨ। ਸੋ ਕਰੋੜਾਂ ਰੁਪਏ ਹਰ ਸਾਲ ਅੱਗ ਦੇ ਹਵਾਲੇ ਕਰਨ ਵਾਲੀ ਦੁਸ਼ਮਣ ਨੂੰ ਮਨਾਉਂਦੇ ਰਹਿਣ ਵਾਲੀ ਰੀਤ ਬਾਰੇ ਪੁਨਰ-ਵਿਚਾਰ ਕਰਨਾ ਜ਼ਰੂਰੀ ਨਹੀਂ ਹੋ ਜਾਂਦਾ? ਰਾਮ ਦੀ ਜਿੱਤ ਮਨਾਉ ਤੇ ਰੱਜ ਕੇ ਮਨਾਉ, ਬਦੀ ਦੀ ਹਾਰ ਵੀ ਮਨਾਉ ਪਰ ਪੁਤਲੇ ਸਾੜਨ ਵਾਲੀ ਗੱਲ ਹਿੰਦੂ ਸਿਆਣਿਆਂ ਤੋਂ ਪੁਨਰ ਵਿਚਾਰ ਦੀ ਮੰਗ ਜ਼ਰੂਰ ਕਰੇਗੀ।