
ਇਥੇ ਦੇ ਖਤੀਬ ਬਾਈਪਾਸ ‘ਤੇ ਸਥਿਤ ਇਕ ਢਾਬੇ ਵਿਚ ਐਤਵਾਰ ਨੂੰ ਅਪਣੇ ਪਰਵਾਰ ਨਾਲ ਖਾਣਾ ਖਾ ਰਹੇ ਫ਼ੌਜੀ ਨੂੰ ਸਵਿੱਫਟ ਕਾਰ ਸਵਾਰ ਅਣਪਛਾਤੇ...
ਬਟਾਲਾ (ਸਸਸ) : ਇਥੇ ਦੇ ਖਤੀਬ ਬਾਈਪਾਸ ‘ਤੇ ਸਥਿਤ ਇਕ ਢਾਬੇ ਵਿਚ ਐਤਵਾਰ ਨੂੰ ਅਪਣੇ ਪਰਵਾਰ ਨਾਲ ਖਾਣਾ ਖਾ ਰਹੇ ਫ਼ੌਜੀ ਨੂੰ ਸਵਿੱਫਟ ਕਾਰ ਸਵਾਰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿਤੀ। ਗੋਲੀ ਫ਼ੌਜੀ ਦੇ ਪੈਰ ਉਤੇ ਵੱਜੀ। ਸੂਚਨਾ ਮਿਲਣ ਉਤੇ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ, ਐਸਪੀ ਇੰਨਵੈਸਟੀਗੇਸ਼ਨ ਵਿਪਿਨ ਚੌਧਰੀ, ਥਾਣਾ ਸਿਵਲ ਲਾਈਨ ਮੁਖੀ ਪਰਮਜੀਤ ਸਿੰਘ, ਸੀਆਈਏ ਸਟਾਫ਼ ਮੁਖੀ ਲਖਵਿੰਦਰ ਸਿੰਘ, ਥਾਣਾ ਸਦਰ ਮੁਖੀ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਘਟਨਾ ਤੋਂ ਬਾਅਦ ਫ਼ੌਜੀ ਗੁਰਿੰਦਰ ਸਿੰਘ ਨਿਵਾਸੀ ਹੁਸ਼ਿਆਰਪੁਰ ਨੇ ਅਪਣੇ ਆਲਾ ਅਧਿਕਾਰੀਆਂ ਨੂੰ ਸੂਚਿਤ ਕੀਤਾ। ਦੁਪਹਿਰ ਬਾਅਦ ਫ਼ੌਜ ਦੇ ਆਲਾ ਅਧਿਕਾਰੀ ਮੌਕੇ ਉਤੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀ ਨੂੰ ਅੰਮ੍ਰਿਤਸਰ ਵਿਚ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾ ਦਿਤਾ ਹੈ। ਪੁਲਿਸ ਨੇ ਫ਼ੌਜੀ ਗੁਰਿੰਦਰ ਸਿੰਘ ਦੇ ਬਿਆਨ ਉਤੇ ਮਾਮਲਾ ਦਰਜ ਕਰ ਲਿਆ ਹੈ। ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਐਤਵਾਰ ਦੁਪਹਿਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਅਪਣੇ ਪਰਵਾਰ ਦੇ ਨਾਲ ਕਾਰ ਸਵਾਰ ਹੋ ਕੇ ਜਾ ਰਹੇ ਸਨ।
ਬਟਾਲਾ ਦੇ ਖਤੀਬ ਬਾਈਪਾਸ ਵਿਚ ਸਥਿਤ ਇਕ ਢਾਬੇ ਵਿਚ ਖਾਣਾ ਖਾਣ ਲਈ ਕਾਰ ਨੂੰ ਉਥੇ ਪਾਰਕ ਕਰ ਦਿਤਾ। ਜਦੋਂ ਉਹ ਖਾਨਾ ਖਾ ਰਹੇ ਸਨ ਤਾਂ ਇਕ ਸਵਿੱਫਟ ਸਵਾਰ ਅਣਪਛਾਤੇ ਨੇ ਫ਼ੌਜੀ ਤੋਂ ਪੈਸਿਆਂ ਦੀ ਡਿਮਾਂਡ ਕੀਤੀ। ਫ਼ੌਜੀ ਨੇ ਉਸ ਨੂੰ ਧੱਕਾ ਮਾਰ ਦਿਤਾ, ਜਿਸ ਤੋਂ ਬਾਅਦ ਅਣਪਛਾਤੇ ਨੇ ਅਪਣੀ ਰਿਵਾਲਵਰ ਨਾਲ ਦੋ ਗੋਲੀਆਂ ਚਲਾਈਆਂ, ਜਿਸ ਵਿਚ ਇਕ ਗੋਲੀ ਫ਼ੌਜੀ ਦੇ ਪੈਰ ‘ਤੇ ਵੱਜੀ। ਇਸ ਤੋਂ ਬਾਅਦ ਅਣਪਛਾਤਾ ਵਿਅਕਤੀ ਉਥੋਂ ਭੱਜ ਗਿਆ।
ਗੋਲੀ ਦੀ ਸੂਚਨਾ ਮਿਲਣ ਉਤੇ ਥਾਣਾ ਸਿਵਲ ਲਾਈਨ ਅਤੇ ਥਾਣਾ ਸਦਰ ਪੁਲਿਸ ਮੌਕੇ ਉਤੇ ਪਹੁੰਚ ਗਈ। ਉਥੇ ਦੋਵੇਂ ਥਾਣਾ ਮੁਖੀ ਏਰੀਏ ਨੂੰ ਲੈ ਕੇ ਆਪਸ ਵਿਚ ਉਲਝ ਗਏ। ਥਾਣਾ ਸਿਵਲ ਲਾਈਨ ਦੇ ਮੁਖੀ ਨੇ ਕਿਹਾ ਕਿ ਇਹ ਏਰੀਆ ਉਨ੍ਹਾਂ ਦੇ ਅਧੀਨ ਨਹੀਂ ਆਉਂਦਾ ਹੈ, ਜਦੋਂ ਕਿ ਥਾਣਾ ਸਦਰ ਕਹਿਣ ਲੱਗੇ ਇਹ ਖੇਤਰ ਉਨ੍ਹਾਂ ਦੇ ਅਧੀਨ ਨਹੀਂ ਆਉਂਦਾ ਹੈ ਇਸ ਲਈ ਉਹ ਕੋਈ ਕਾਰਵਾਈ ਨਹੀਂ ਕਰ ਸਕਦੇ। ਬਾਅਦ ਵਿਚ ਆਲਾ ਅਧਿਕਾਰੀਆਂ ਦੇ ਵਿਚ ਪੈਣ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ।
ਥਾਣਾ ਸਿਵਲ ਲਾਈਨ ਨੇ ਫ਼ੌਜੀ ਗੁਰਿੰਦਰ ਸਿੰਘ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ। ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸ਼ਹਿਰ ਵਿਚ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤੱਕ ਤਿੰਨ ਜਗ੍ਹਾ ਗੋਲੀ ਚਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿਚ ਪੁਲਿਸ ਵਿਭਾਗ ਇਨ੍ਹਾਂ ਘਟਨਾਵਾਂ ਉਤੇ ਰੋਕ ਲਗਾਉਣ ਵਿਚ ਨਾਕਾਮ ਸਾਬਤ ਹੋਇਆ ਹੈ। ਹਰ ਵਾਰ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਆ ਦੇਣ ਦਾ ਦਾਅਵਾ ਕਰਦਾ ਹੈ ਪਰ ਗੋਲੀ ਵਰਗੀਆਂ ਵਾਰਦਾਤਾਂ ਸਾਹਮਣੇ ਆਉਣ ਤੋਂ ਬਾਅਦ ਸਭ ਕੁੱਝ ਠੁੱਸ ਹੋ ਜਾਂਦਾ ਹੈ।