
ਜਲੰਧਰ ਵਿਚ ਸ਼ੁੱਕਰਵਾਰ ਰਾਤ ਨਕਾਬਪੋਸ਼ ਬਦਮਾਸ਼ਾਂ ਨੇ ਆਰਟ ਗੈਲਰੀ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ...
ਜਲੰਧਰ (ਸਸਸ) : ਜਲੰਧਰ ਵਿਚ ਸ਼ੁੱਕਰਵਾਰ ਰਾਤ ਨਕਾਬਪੋਸ਼ ਬਦਮਾਸ਼ਾਂ ਨੇ ਆਰਟ ਗੈਲਰੀ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਦੁਕਾਨ ਦੇ ਅੰਦਰ ਵੜ ਕੇ ਚਲਾਈ 4 ਗੋਲੀਆਂ ਵਿਚੋਂ 1 ਗੋਲੀ ਉਸ ਦੇ ਸਿਰ ਵਿਚ ਲੱਗੀ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਬਦਮਾਸ਼ ਸਿਰਫ਼ 6 ਸਕਿੰਟ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਪਚਰ ਹੋ ਗਈ ਹੈ ਅਤੇ ਫ਼ਿਲਹਾਲ ਪੁਲਿਸ ਇਸ ਦੇ ਆਧਾਰ ਉਤੇ ਜਾਂਚ-ਪੜਤਾਲ ਵਿਚ ਲੱਗੀ ਹੈ।
ਗੰਗਸਰ ਬਾਜ਼ਾਰ ਵਿਚ ਸ਼ੀਤਲਾ ਮੰਦਰ ਦੇ ਕੋਲ ਸ਼ੁੱਕਰਵਾਰ ਰਾਤ ਕਰੀਬ ਸਾਢੇ 7 ਵਜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਸਾਈਂ ਆਰਟ ਗੈਲਰੀ ਦੇ ਮਾਲਕ ਡਿੰਪਲ (ਨੰਬਰ ਪਲੇਟ ਲਿਖਣ ਵਾਲਾ) ਉਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਅਪਣੇ ਸਾਥੀ ਦੇ ਨਾਲ ਕੰਪਿਊਟਰ ਉਤੇ ਕੰਮ ਕਰ ਰਿਹਾ ਸੀ। ਗੋਲੀਆਂ ਲੱਗਣ ਤੋਂ ਬਾਅਦ ਖ਼ੂਨ ਨਾਲ ਲਿੱਬੜੇ ਡਿੰਪਲ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ।
ਉਥੋਂ ਉਸ ਨੂੰ ਸੈਕਰੇਡ ਹਰਟ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਪਰ ਉਥੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਕਰ ਦਿਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਦਿਹਾਤੀ ਨਵਜੋਤ ਸਿੰਘ ਮਾਹਲ, ਡੀਐਸਪੀ (ਡੀ) ਲਖਵੀਰ ਸਿੰਘ, ਡੀਐਸਪੀ ਦਿਗਵਿਜੈ ਕਪਿਲ, ਇਨਸਪੈਕਟਰ ਹਰਵਿੰਦਰ ਸਿੰਘ ਇਨਚਾਰਜ ਸੀਆਈ ਦਿਹਾਤੀ, ਇਨਸਪੈਕਟਰ ਸ਼ਿਵ ਕੁਮਾਰ ਇਨਚਾਰਜ ਸਪੈਸ਼ਲ ਸਟਾਫ਼ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਪੁਲਿਸ ਬਲ ਦੇ ਨਾਲ ਮੌਕੇ ਉਤੇ ਪਹੁੰਚੇ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮਾਮਲੇ ਦੀ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਡਿੰਪਲ ਉਤੇ ਪਹਿਲਾਂ ਵੀ ਹਮਲਾ ਹੋਇਆ ਸੀ। ਉਥੇ ਹੀ ਪੁਲਿਸ ਨੇ ਘਟਨਾ ਦੀ ਜਾਂਚ ਵਿਚ ਸੀਸੀਟੀਵੀ ਨੂੰ ਵੀ ਆਧਾਰ ਬਣਾਇਆ ਹੈ। ਸੀਸੀਟੀਵੀ ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਕਾਬਪੋਸ਼ ਨੌਜਵਾਨ ਦੁਕਾਨ ਅੰਦਰ ਵੜੇ ਅਤੇ ਉਨ੍ਹਾਂ ਨੇ ਡਿਪਲ ਉਤੇ ਗੋਲੀਆਂ ਚਲਾ ਦਿਤੀਆਂ। ਗਿਣੇ-ਚੁਣੇ 6 ਸਕਿੰਟ ਵਿਚ ਬਦਮਾਸ਼ ਜਾਨ ਲੈ ਕੇ ਫ਼ਰਾਰ ਹੋ ਗਏ।
ਦੱਸਿਆ ਇਹ ਵੀ ਜਾਂਦਾ ਹੈ ਕਿ ਇਥੋਂ ਨਿਕਲਣ ਤੋਂ ਬਾਅਦ ਬਦਮਾਸ਼ ਹਵਾਈ ਫਾਇਰ ਕਰਦੇ ਹੋਏ ਇੰਪਰੂਵਮੈਂਟ ਟਰੱਸਟ ਕਲੋਨੀ ਵੱਲ੍ਹ ਨੂੰ ਫ਼ਰਾਰ ਹੋ ਗਏ।