
ਪੌਣ ਪਾਣੀ ਦੀ ਤਬਦੀਲੀ ਦਾ ਜੀਵਤ ਵਸਤੂਆਂ ਉਤੇ ਪ੍ਰਭਾਵ ਵਿਸ਼ੇ ਤੇ ਕਰਵਾਈ ਗਈ ਸੀ ਕਾਨਫਰੰਸ
ਲੁਧਿਆਣਾ-ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਪੀ ਐਚ ਡੀ ਦੀ ਵਿਦਿਆਰਥਣ ਕੁਮਾਰੀ ਮਸਰਤ ਸਿਰਾਜ ਨੂੰ ਬੀਤੇ ਦਿਨੀਂ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਪੇਸ਼ਕਾਰੀ ਲਈ ਸਨਮਾਨ ਪ੍ਰਾਪਤ ਹੋਇਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਛੁਨੇਜਾ ਨੇ ਦੱਸਿਆ ਕਿ ਕੁਮਾਰੀ ਸਿਰਾਜ ਨੂੰ ਇਹ ਸਨਮਾਨ ਬੀਤੇ ਦਿਨੀਂ ਇੰਡੋਨੇਸ਼ੀਆ ਦੀ ਯੂਨੀਵਰਸਿਟੀ ਆਫ਼ ਪੈਜਾਜਾਰੁਨ ਵਿਖੇ ਹੋਈ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪ੍ਰਾਪਤ ਹੋਇਆ ।
PAU
ਇਹ ਕਾਨਫਰੰਸ ਪੌਣ ਪਾਣੀ ਦੀ ਤਬਦੀਲੀ ਦਾ ਜੀਵਤ ਵਸਤੂਆਂ ਉਤੇ ਪ੍ਰਭਾਵ ਵਿਸ਼ੇ ਤੇ ਕਰਵਾਈ ਗਈ ਸੀ । ਇਸ ਮੌਕੇ ਕੁਮਾਰੀ ਮਸਰਤ ਸਿਰਾਜ ਨੇ ਸੰਯੁਕਤ ਕੀਟ ਪ੍ਰਬੰਧਨ ਸੰਬੰਧੀ ਆਪਣੀ ਪੇਸ਼ਕਾਰੀ ਦਿੱਤੀ । ਉਸ ਤੋਂ ਇਲਾਵਾ ਸ੍ਰੀ ਬਿਕਰਮਜੀਤ ਸਿੰਘ ਨੇ ਵੀ ਘਰੇਲੂ ਵਸਤਾਂ ਵਿੱਚ ਕੀਟਾਂ ਦੀ ਸਮੱਸਿਆ ਬਾਰੇ ਵਿਸ਼ੇਸ਼ ਪੇਸ਼ਕਾਰੀ ਦਿੱਤੀ । ਫ਼ਲਾਂ ਦੇ ਕੀਟ ਮਾਹਿਰ ਡਾ. ਸੰਦੀਪ ਸਿੰਘ ਨੇ ਇਸ ਮੌਕੇ ਵਿਸ਼ੇਸ਼ ਭਾਸ਼ਣ ਵੀ ਦਿੱਤਾ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਇਸ ਪ੍ਰਾਪਤੀ ਲਈ ਵਿਦਿਆਰਥਣ ਨੂੰ ਵਧਾਈ ਦਿੱਤੀ ।