
1971 ਦੀ ਜੰਗ ਵੇਲੇ ਦਰਜਨ ਭਰ ਗੁਰਦਵਾਰੇ ਬਾਰੂਦ ਨਾਲ ਹੋ ਗਏ ਸੀ ਤਹਿਸ-ਨਹਿਸ
ਪਟਨਾ ਸਾਹਿਬ : ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਗੁਆਂਢੀ ਮੁਲਕ ਬੰਗਲਾਦੇਸ਼ ਦੇ ਗੁਰਦਵਾਰਿਆਂ ਦੀ ਮੁਰੰਮਤ ਤੇ ਉਹਨਾਂ ਦੀ ਖੂਬਸੂਰਤੀ ਵਧਾਉਣ ਲਈ ਇਕ ਯੋਜਨਾ ਉਤੇ ਕੰਮ ਕਰ ਰਹੀ ਹੈ। ਪਟਨਾ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਨਮ ਭੂਮੀ ਹੈ। ਪਟਨਾ ਸਾਹਿਬ ਕਮੇਟੀ ਵਲੋਂ ਦੇਸ਼ ਭਰ ਦੇ ਪੂਰਬੀ ਅਤੇ ਦਖਣੀ ਇਲਾਕਿਆਂ ਵਿਚ ਸਥਿਤ ਗੁਰਦਵਾਰਿਆਂ ਦੀ ਸਾਂਭ-ਸੰਭਾਲ ਮਗਰੋਂ ਬੰਗਲਾਦੇਸ਼ ਦੇ ਗੁਰਦਵਾਰਿਆਂ ਦੇ ਕਾਇਆ-ਕਲਪ ਦੀ ਯੋਜਨਾ ਬਣਾਈ ਜਾ ਰਹੀ ਹੈ।
Gurdwara Sahib
ਦੱਸ ਦਈਏ ਕਿ ਬੰਗਲਾਦੇਸ਼ ਵਿਚ ਬਾਬਾ ਨਾਨਕ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਗੁਰਦਵਾਰੇ ਸ਼ਾਮਲ ਹਨ। ਪਿਛਲੇ ਹਫ਼ਤੇ ਹੋਈ ਇਕ ਮੀਟਿੰਗ ਵਿਚ ਇਹ ਵਿਚਾਰਿਆ ਗਿਆ ਕਿ ਪ੍ਰਬੰਧਕੀ ਕਮੇਟੀ ਦਾ ਇਕ ਵਫ਼ਦ ਬੰਗਲਾਦੇਸ਼ ਜਾਵੇਗਾ ਤਾਂ ਜੋ ਉਥੇ ਸਥਿਤ ਗੁਰਦਵਾਰਿਆਂ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕੇ। ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਬੰਗਲਾਦੇਸ਼ ਦੇ ਗੁਰਦਵਾਰਿਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਮੁਰੰਮਤ ਦੀ ਲੋੜ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਪਰਮਵੀਰ ਸਿੰਘ ਨੂੰ ਇਹ ਜ਼ਿੰਮੇਵਾਰੀ ਦਿਤੀ ਗਈ ਹੈ ਕਿ ਉਹ ਤਖਤ ਸਾਹਿਬ ਕਮੇਟੀ ਵਲੋਂ ਬੰਗਲਾਦੇਸ਼ ਜਾਣ ਅਤੇ ਉਥੋਂ ਦੇ ਗੁਰਦਵਾਰਿਆਂ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕਰਨ। ਕਿਸੇ ਵੇਲੇ ਬੰਗਲਾਦੇਸ਼ ਵਿਚ 18 ਗੁਰਦਵਾਰੇ ਹੁੰਦੇ ਸੀ ਜਿਹਨਾਂ ਵਿਚੋਂ ਹੁਣ ਸਿਰਫ਼ 5 ਹੀ ਬਾਕੀ ਰਹਿ ਗਏ ਹਨ ਜਿਹਨਾਂ ਵਿਚੋਂ 2 ਤਾਂ ਢਾਕਾ ਵਿਚ ਹੀ ਹਨ। ਦਰਜਨ ਤੋਂ ਵੱਧ ਗੁਰਦਵਾਰੇ ਤਾਂ 1971 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਬਾਰੂਦ ਦੀ ਭੇਟ ਚੜ੍ਹ ਗਏ ਸਨ।
Gurdwara Sahib
ਕਮੇਟੀ ਦੇ ਜਨਰਲ ਸਕੱਤਰ ਢਿੱਲੋਂ ਨੇ ਦੱਸਿਆ ਕਿ 1971 ਦੀ ਜੰਗ ਵੇਲੇ ਕਰੀਬ 9 ਗੁਰਦਵਾਰਿਆਂ ਦੇ ਤਹਿਸ-ਨਹਿਸ ਹੋਣ ਦੇ ਪੁਖਤਾ ਸਬੂਤ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਸਥਾਨਕ ਲੋਕਾਂ ਨੇ ਇਹਨਾਂ ਗੁਰਦਵਾਰਿਆਂ ਦੇ ਮੁੜ-ਨਿਰਮਾਣ ਦੀ ਕੋਸ਼ਿਸ਼ ਨਹੀਂ ਕੀਤੀ। ਢਿੱਲੋਂ ਨੇ ਇਹ ਵੀ ਦਾਅਵਾ ਕੀਤਾ ਕਿ ਢਾਕਾ ਯੂਨੀਵਰਸਿਟੀ ਵੀ ਗੁਰਦਵਾਰੇ ਦੀ ਜ਼ਮੀਨ ਉਤੇ ਬਣੀ ਹੈ। ਉਹਨਾਂ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਗੁਰਦਵਾਰਿਆਂ ਦੀ ਮਲਕੀਅਤ ਵਾਲੀ ਜ਼ਮੀਨ ਕਿਹੜੀ ਹੈ।
ਜੇਕਰ ਸਾਨੂੰ ਇਸ ਦੀ ਜਾਣਕਾਰੀ ਮਿਲ ਗਈ ਤਾਂ ਗੁਰਦਵਾਰਿਆਂ ਨੂੰ ਮੁੜ ਉਸਾਰਨਾ ਸਾਡੇ ਲਈ ਸੌਖਾ ਹੋਵੇਗਾ।