
ਹੁਣ ਟਕਸਾਲੀ ਆਗੂਆਂ ਨੇ ਲਗਾਏ ਮਿਲੀਭੁਗਤ ਦੇ ਦੋਸ਼...
ਚੰਡੀਗੜ੍ਹ : ਟਕਸਾਲੀ ਆਗੂਆਂ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਦੋਵਾਂ ਵਿਚਾਲੇ ਸਮਝੌਤਾ ਹੋਣ ਦੇ ਦੋਸ਼ ਲਗਾਏ ਹਨ। ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮਝੌਤੇ ਬਾਬਤ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਕਰਨ ਲਈ ਵੀ ਵੰਗਾਰਿਆ ਏ। ਬ੍ਰਹਮਪੁਰਾ ਦੇ ਨਾਲ ਡਾ. ਰਤਨ ਸਿੰਘ ਅਜਨਾਲਾ ਅਤੇ ਮਨਮੋਹਨ ਸਿੰਘ ਸਠਿਆਲਾ ਨੇ ਕੁਝ ਤਸਵੀਰਾਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਨੇ ਅਤੇ ਦਾਅਵਾ ਕੀਤੈ ਕਿ ਕੈਪਟਨ ਪਰਿਵਾਰ ਤੇ ਬਾਦਲ ਪਰਿਵਾਰ ਵਿਚਾਲੇ ਨੇੜਤਾ ਹੈ।
Badal with Captain
ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਇਕ-ਦੂਜੇ ਦੇ ਸਮਾਗਮਾਂ ’ਚ ਵੀ ਸ਼ਾਮਲ ਹੁੰਦੇ ਨੇ ਤੇ ਇਸੇ ਨੇੜਤਾ ਕਰਕੇ ਹੀ ਬਾਦਲ ਤੇ ਕੈਪਟਨ ਨੇ ਸਿਆਸੀ ਸਮਝੌਤਾ ਕੀਤਾ ਸੀ। ਜ਼ਿਕਰਯੋਗ ਹੈ ਕਿ ਸਾਲ 2017 ’ਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦੀ ਸੂਚੀ ’ਚ ਬਾਦਲ-ਕੈਪਟਨ ਸਮਝੌਤਾ ਸਿਖਰ ’ਤੇ ਸੀ ਅਤੇ ਇੱਕ ਵਾਰ ਫੇਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਰਿਵਾਰਾਂ ’ਚ ਸਮਝੌਤਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ। ਇਹ ਇਲਜ਼ਾਮ ਗਲਤ ਨੇ ਜਾਂ ਸਹੀ ਇਸ ਬਾਰੇ ਤਾਂ ਇਹ ਦੋਵੇਂ ਪਰਿਵਾਰ ਬਹਿਤਰ ਜਾਣਦੇ ਨੇ ਪਰ ਕਾਂਗਰਸ ਜੋ ਦਾਅਵੇ ਕਰਦੀ ਸੀ
Captain Amrinder with Badal Family
ਕਿ ਸੱਤਾ ’ਚ ਆਉਣ ਸਾਰ ਹੀ ਬਾਦਲਾਂ ਤੇ ਮਜੀਠੀਆ ਨੂੰ ਜੇਲ੍ਹ ਦੀ ਸੈਰ ਕਰਵਾਉਣਗੇ, ਉੇਹਨਾਂ ਵੱਲੋਂ ਕਰੀਬ 2 ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਬਾਦਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਕਈ ਸ਼ੰਕੇ ਜ਼ਰੂਰ ਪੈਦਾ ਹੋ ਜਾਂਦੇ ਨੇ। ਉਧਰ ਅਕਾਲੀ ਦਲ ਦੇ ਪ੍ਰਧਾਨ ਉਲਟਾ ਕਾਂਗਰਸ ਅਤੇ ਟਕਸਾਲੀਆਂ ਵਿਚਾਲੇ ਸਮਝੌਤੇ ਹੋਣ ਦੀ ਗੱਲ ਆਖ ਇਸ ਤਾਣੀ ਨੂੰ ਹੋਰ ਉਲਝਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ। ਕੌਣ ਕਿਸਦਾ ਸਾਥ ਦੇ ਰਿਹਾ ਕੌਣ ਨਹੀਂ ਇਸਦਾ ਪਤਾ 2019 ਦੀਆਂ ਲੋਕ ਸਭਾ ਚੋਣਾਂ ਤਕ ਕਾਫੀ ਹੱਦ ਤਕ ਸਾਫ ਹੋ ਜਾਵੇਗਾ ਪਰ ਸਿਆਸਤ ਨਾਲ ਇੱਕ ਗੱਲ ਜ਼ਰੂਰ ਜੁੜੀ ਹੋਈ ਏ ਕਿ ਰਾਜਨੀਤੀ ’ਚ ਕੋਈ ਕਿਸੇ ਦਾ ਮਿੱਤ ਨਹੀਂ।