
ਨਵਜੋਤ ਸਿੱਧੂ ਨੇ ਕਿਹਾ ਕਿ ਫੁੱਟ ਪਾਊ ਤਾਕਤਾਂ ਕਦੇ ਵੀ ਪੰਜਾਬੀਅਤ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਨੂੰ ਵਿਗਾੜ ਨਹੀਂ ਸਕਦੀਆਂ।
ਚੰਡੀਗੜ੍ਹ: ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਚ ਬੇਅਦਬੀ ਦੀ ਕੋਸ਼ਿਸ਼ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਦੇ ਚਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਫੁੱਟ ਪਾਊ ਤਾਕਤਾਂ ਕਦੇ ਵੀ ਪੰਜਾਬੀਅਤ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਨੂੰ ਵਿਗਾੜ ਨਹੀਂ ਸਕਦੀਆਂ।
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ, “ ਡਰ, ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਪੰਜਾਬ ਵਿਚ ਘੁਸਪੈਠ ਕਰ ਰਹੀ ਹੈ… ਮਾਤਾ ਕਾਲੀ ਦੇਵੀ ਮੰਦਰ ਵਿਚ ਬੇਅਦਬੀ ਦੀ ਘਟਨਾ ਨਿੰਦਣਯੋਗ ਹੈ, ਫੁੱਟ ਪਾਊ ਤਾਕਤਾਂ ਪੰਜਾਬੀਅਤ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਨੂੰ ਕਦੇ ਵੀ ਵਿਗਾੜ ਨਹੀਂ ਸਕਦੀਆਂ। ਵਿਸ਼ਵ-ਵਿਆਪੀ ਭਾਈਚਾਰਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਸਾਡੀ ਪਛਾਣ ਹੈ”।
ਦੱਸ ਦੇਈਏ ਕਿ ਬੀਤੇ ਦਿਨ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਵਿਚ ਇਕ 20-22 ਸਾਲਾ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਮੰਦਰ ਵਿਚ ਦਾਖਲ ਹੁੰਦਾ ਹੈ, ਕੁਝ ਦੇਰ ਉਥੇ ਖੜ੍ਹਾ ਹੁੰਦਾ ਹੈ ਤੇ ਗੋਲਕ ਕੋਲ ਖੜ੍ਹਾ ਹੋ ਕੇ ਤਾੜੀਆਂ ਮਾਰਦਾ ਹੈ। ਕੁਝ ਹੀ ਦੇਰ ਬਾਅਦ ਰੇਲਿੰਗ ਤੇ ਗੋਲਕ 'ਤੇ ਪੈਰ ਰੱਖ ਕੇ ਕਾਲੀ ਮਾਤਾ ਦੀ ਮੂਰਤੀ ਕੋਲ ਪਹੁੰਚ ਜਾਂਦਾ ਹੈ।
ਪੁਜਾਰੀਆਂ ਵੱਲੋਂ ਉਕਤ ਨੌਜਵਾਨ ਨੂੰ ਤੁਰੰਤ ਉਥੋਂ ਹਟਾ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਟਿਆਲਾ ਦੇ ਕਾਲੀ ਮਾਤਾ ਮੰਤਰ ਵਿਚ ਹੋਈ ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।