
ਫਰੰਟ ਲਾਈਨ 'ਤੇ ਕੰਮ ਕਰਨ ਵਾਲਿਆਂ ਨੂੰ ਵਿਸ਼ੇਸ਼ ਸੂਟ ਅਤੇ ਸੈਨੀਟਾਈਜ਼ਰ ਵੰਡੇ
ਨਵਾਂ ਸ਼ਹਿਰ: ਅੱਜ ਪੂਰਾ ਸੰਸਾਰ ਕੋਰੋਨਾ ਵਾਇਰਸ ਤੋਂ ਫੈਲੀ ਮਹਾਂਮਾਰੀ ਨਾਲ ਜੂਝ ਰਿਹਾ ਹੈ, ਹਰ ਪਾਸੇ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਪਰ ਮੌਤ ਦੇ ਇਸ ਕਾਲੇ ਪਰਛਾਵੇਂ ਹੇਠ ਵੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਭਲਾਈ ਵਿਚ ਜੁਟੀਆਂ ਹੋਈਆਂ ਹਨ, ਇਨ੍ਹਾਂ ਸੰਸਥਾਵਾਂ ਵਿਚੋਂ ਇਕ ਹੈ ਖ਼ਾਲਸਾ ਏਡ ਜੋ ਵਿਸ਼ਵ ਪੱਧਰ 'ਤੇ ਕੋਰੋਨਾ ਪੀੜਤਾਂ ਅਤੇ ਕੋਰੋਨਾ ਦੀ ਲੜਾਈ ਵਿਚ ਲੱਗੇ ਲੋਕਾਂ ਦੀ ਮਦਦ ਕਰ ਰਹੀ ਹੈ।
ਇਸੇ ਦੇ ਚਲਦਿਆਂ ਖ਼ਾਲਸਾ ਏਡ ਦੀ ਟੀਮ ਵੱਲੋਂ ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਖ਼ਾਲਸਾ ਏਡ ਦੀ ਟੀਮ ਵੱਲੋਂ ਇੱਥੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਡਾਕਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਪੀਈਪੀ ਗੇਰ ਸੂਟ ਅਤੇ ਸੈਨੀਟਾਈਜ਼ਰ ਤਕਸੀਮ ਕੀਤੇ ਗਏ। ਇਸ ਮੌਕੇ ਨਵਾਂ ਸ਼ਹਿਰ ਪੁਲਿਸ ਵੱਲੋਂ ਖ਼ਾਲਸਾ ਏਡ ਦੀ ਟੀਮ ਦਾ ਧੰਨਵਾਦ ਕੀਤਾ ਗਿਆ।
ਸਥਾਨਕ ਮਹਿਲਾ ਪੁਲਿਸ ਅਧਿਕਾਰੀ ਨੇ ਵੀਡੀਓ ਜ਼ਰੀਏ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਖ਼ਾਲਸਾ ਏਡ ਦਾ ਬਹੁਤ ਧੰਨਵਾਦੀ ਹਾਂ ਜੋ ਇਸ ਮੁਸੀਬਤ ਦੀ ਘੜੀ ਵਿਚ ਲੋਕਾਂ ਅਤੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਲੋਕਾਂ ਦੀ ਮਦਦ ਵਿਚ ਜੁਟੀ ਹੋਈ ਹੈ। ਖ਼ਾਲਸਾ ਏਡ ਵੱਲੋਂ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਕੋਰੋਨਾ ਨੂੰ ਹਰਾਉਣ ਦੀ ਲੜਾਈ ਵਿਚ ਲੋਕਾਂ ਅਤੇ ਸਰਕਾਰਾਂ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਖ਼ਾਲਸਾ ਏਡ ਵੱਲੋਂ ਅਪਣੇ ਘਰਾਂ ਵਿਚ ਬੰਦ ਲੋੜਵੰਦ ਲੋਕਾਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਨਵਾਂ ਸ਼ਹਿਰ ਵਿਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਰਕੇ ਕਈ ਪਿੰਡਾਂ ਨੂੰ ਸੀਲ ਵੀ ਕੀਤਾ ਗਿਆ ਹੈ।
ਜੇਕਰ ਗੱਲ ਕਰੀਏ ਪੂਰੇ ਦੇਸ਼ ਦੀ ਤਾਂ ਦੇਸ਼ ਵਿਚ ਇਸ ਸਮੇਂ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 562 ਹੋ ਗਈ ਹੈ ਜਦਕਿ ਹੁਣ ਤਕ ਦੇਸ਼ ਵਿਚ ਕੋਰੋਨਾ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ ਦੇਸ਼ ਭਰ ਵਿਚ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਕਈ ਸੂਬਿਆਂ ਵਿਚ ਕਰਫਿਊ ਲਗਾਇਆ ਗਿਆ ਹੈ ਪਰ ਧੰਨ ਹੈ ਖ਼ਾਲਸਾ ਏਡ ਜੋ ਮੌਤ ਦੇ ਪਰਛਾਵੇਂ ਹੇਠ ਵੀ ਪੀੜਤ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਿਚ ਜੁਟੀ ਹੋਈ ਹੈ।