
ਪੁਲਿਸ ਨੇ ਇਕ ਅਣਪਛਾਤੇ ਅਤੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਜਾਂਚ ਕੀਤੀ ਸ਼ੁਰੂ
ਸ੍ਰੀ ਗੋਇੰਦਵਾਲ ਸਾਹਿਬ : ਜੇਲ੍ਹਾਂ ਵਿੱਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਤਲਾਸ਼ੀ ਦੌਰਾਨ ਸ੍ਰੀ ਗੋਇੰਦਵਾਲ ਸਾਹਿਬ ਵਿੱਚੋਂ 7 ਮੋਬਾਇਲ ਫੋਨ, 2 ਜੁਗਾੜੂ ਚਾਰਜਰ, 1 ਡਾਟਾ ਕੇਬਲ ਅਤੇ 4 ਸਿਮ ਬਰਾਮਦ ਹੋਏ ਹਨ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਕ ਅਣਪਛਾਤੇ ਅਤੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ’ਚ ਬੰਦੀ ਦੋਸ਼ੀਆਂ ਜਤਿੰਦਰ ਸਿੰਘ ਉਰਫ ਹਨੀ ਪੁੱਤਰ ਹਰਭਜਨ ਸਿੰਘ ਵਾਸੀ ਦੁਬੁਰਜੀ ਜ਼ਿਲ੍ਹਾ ਕਪੂਰਥਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਲਖਵਿੰਦਰ ਸਿੰਘ ਵਾਸੀ ਧੌਲ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਸਿਲਵਰ ਦੀ ਤੇਜ਼ਧਾਰ ਪੱਤਰੀ ਬਰਾਮਦ ਕੀਤੀ ਗਈ ਹੈ।
ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਵੱਲੋਂ ਬੈਰਕ ਨੰਬਰ-9 ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 7 ਮੋਬਾਇਲ ਫੋਨ, 2 ਜੁਗਾੜੂ ਚਾਰਜਰ, 1 ਡਾਟਾ ਕੇਬਲ ਅਤੇ 4 ਸਿਮ ਬਰਾਮਦ ਕੀਤੇ ਗਏ ਹਨ।