
ਆਸ-ਪਾਸ ਇਲਾਕਿਆਂ ਤੋਂ ਤਸਕਰੀ ਜ਼ੋਰਾਂ 'ਤੇ
ਚੰਡੀਗੜ੍ਹ, 24 ਅਪ੍ਰੈਲ (ਸਰਬਜੀਤ ਢਿੱਲੋਂ) : ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਵਲੋਂ ਸ਼ਹਿਰ ਵਿਚ ਸ਼ਰਾਬ ਦੇ ਠੇਕੇ ਲਾਕਡਾਊਨ ਤੋਂ ਪਹਿਲਾਂ ਖੋਲ੍ਹੇ ਜਾਣ ਦਾ ਵਿਰੋਧ ਕਰ ਚੁਕੇ ਹਨ। ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਵੀ ਕੇਂਦਰ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੀ ਇਜਾਜ਼ਤ ਨਹੀਂ ਦੇ ਰਿਹਾ ਪਰ ਸ਼ਹਿਰ 'ਚੋਂ ਮਹਿੰਗੇ ਭਾਅ ਸ਼ਰਾਬ ਦ ਤਸਕਰੀ ਫਿਰ ਵੀ ਜ਼ੋਰਾਂ 'ਤੇ ਹੋਣ ਲੱਗੀ ਹੈ।
ਸਿਟੀ ਪੁਲਿਸ ਵਲੋਂ ਅਜਿਹੇ ਸ਼ਰਾਬ ਦੇ ਨਾਜਾਇਜ਼ ਗਾਹਕਾਂ ਦੀ ਫੜੋ-ਫੜੀ ਜਾਰੀ ਹੈ। ਚੰਡੀਗੜ੍ਹ ਪੁਲਿਸ ਵਲੋਂ ਕਲ ਵੀਰਵਾਰ ਨੂੰ 9 ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹੜੇ ਟਰਾਈਸਿਟੀ ਦੇ ਸ਼ਹਿਰਾਂ 'ਚੋਂ ਨਾਜਾਇਜ਼ ਤੌਰ 'ਤੇ ਸ਼ਰਾਬ ਦੀ ਖ਼ਰੀਦ ਕਰ ਕੇ ਲਿਆਏ ਸਨ ਕਿਉਂਕਿ ਠੇਕੇਦਾਰ ਚੋਰੀ-ਛਿਪੇ ਸ਼ਰਾਬ ਵੇਚ ਰਹੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ 2019-20 ਦੌਰਾਨ ਸ਼ਹਿਰ ਵਿਚ ਲਗਭਗ 98 ਠੇਕਿਆਂ ਦੀ ਨਿਲਾਮੀ ਕੀਤੀ ਗਈ ਸੀ ਜਿਨ੍ਹਾਂ ਦੀ ਮਿਆਦ 31 ਮਾਰਚ 2020 ਨੂੰ ਸਮਾਪਤ ਹੋਈ ਸੀ ਪਰ ਸ਼ਹਿਰ ਦੇ ਮਾੜੇ ਹਾਲਾਤ ਵੇਖ ਕੇ ਪ੍ਰਸ਼ਾਸਨ ਨੇ ਯੂ.ਟੀ. ਦੇ ਠੇਕਿਆਂ ਦੀ ਮਿਆਦ ਹੁਣ 31 ਮਈ ਤਕ ਵਧਾ ਦਿਤੀ ਸੀ। ਮਤਲਬ ਹੁਣ ਨਵੇਂ ਠੇਕੇ 2020-21 ਲਈ ਮਈ ਮਗਰੋਂ ਨਿਲਾਮ ਹੋਣਗੇ।
ਜ਼ਿਕਰਯੋਗ ਹੈ ਕਿ ਕੇਂਦਰ ਵਲੋਂ 22 ਮਾਰਚ ਤੋਂ ਸ਼ਹਿਰ 'ਚ ਲਾਕਡਾਊਨ ਕੀਤੇ ਜਾਣ ਬਾਅਦ ਇਹ ਸ਼ਰਾਬ ਤੇ ਬੀਅਰ ਦੇ ਠੇਕੇ ਇਕ ਮਹੀਨੇ ਤੋਂ ਬੰਦ ਪਏ ਹਨ, ਜਿਸ ਨਾਲ ਚੰਡੀਗੜ੍ਹ 'ਚ ਸ਼ਰਾਬਬੰਦੀ ਹੋਣ ਨਾਲ ਯੂ.ਟੀ. ਪ੍ਰਸ਼ਾਸਨ ਨੂੰ ਲੱਖਾਂ ਰੁਪਏ ਦੇ ਟੈਕਸ 'ਚ ਘਾਟਾ ਪੈ ਰਿਹਾ ਹੈ ਅਤੇ ਸ਼ਰਾਬ ਦੀ ਤਸਕਰੀ ਵੀ ਜ਼ੋਰਾਂ 'ਤੇ ਚਲ ਰਹੀ ਹੈ।