
ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਕੁੜੀਆਂ ਦੀ ਗਿਣਤੀ ਵਿਚ ਸੱਭ ਤੋਂ ਪਛੜ ਕੇ ਪਠਾਨਕੋਟ ਅਤੇ ਬਠਿੰਡਾ ਨੂੰ ਵੇਖਿਆ ਜਾ ਰਿਹਾ ਹੈ। ਕਿਉਂਕਿ ਪਠਾਨਕੋਟ ...
ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਕੁੜੀਆਂ ਦੀ ਗਿਣਤੀ ਵਿਚ ਸੱਭ ਤੋਂ ਪਛੜ ਕੇ ਪਠਾਨਕੋਟ ਅਤੇ ਬਠਿੰਡਾ ਨੂੰ ਵੇਖਿਆ ਜਾ ਰਿਹਾ ਹੈ। ਕਿਉਂਕਿ ਪਠਾਨਕੋਟ ਅੰਦਰ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ ਮਹਿਜ 817 ਰਹਿ ਗਈ ਹੈ ਜਦਕਿ ਬਠਿੰਡਾ ਅੰਦਰ ਇਹ ਗਿਣਤੀ 832 ਤਕ ਹੀ ਉਪੜ ਸਕੀ।
ਪੰਜਾਬ ਦੇ ਜ਼ਿਲ੍ਹੇ ਕਪੂਰਥਲਾ ਅੰਦਰ ਉਕਤ ਗਿਣਤੀ ਕਾਫੀ ਹੱਦ ਤਕ ਸੰਭਲੀ ਹੈ ਕਿਉਂਕਿ ਕਪੂਰਥਲਾ ਅੰਦਰ 976, ਫ਼ਿਰੋਜ਼ਪੁਰ ਵਿਚ 964, ਮੋਗਾ 953, ਬਰਨਾਲਾ 952, ਫ਼ਰੀਦਕੋਟ 933, ਮਾਨਸਾ 929, ਫ਼ਾਜ਼ਿਲਕਾ 917, ਮੁਕਤਸਰ ਸਾਹਿਬ 916, ਫ਼ਤਿਹਗੜ੍ਹ ਸਾਹਿਬ 908, ਲੁਧਿਆਣਾ 903, ਹੁਸ਼ਿਆਰਪੁਰ 896,
ਸ੍ਰੀ ਅੰਮ੍ਰਿਤਸਰ ਸਾਹਿਬ 891, ਗੁਰਦਾਸਪੁਰ 890, ਰੂਪਨਗਰ 881, ਪਟਿਆਲਾ 875, ਸ਼ਹੀਦ ਭਗਤ ਸਿੰਘ ਨਗਰ 875, ਮੋਹਾਲੀ 873, ਸੰਗਰੂਰ 868, ਜਲੰਧਰ 863, ਤਰਨਤਾਰਨ 855 ਹਨ। ਜਿਸ ਅਨੁਸਾਰ ਪੰਜਾਬ ਅੰਦਰ ਸੋ ਫ਼ੀ ਸਦੀ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਸਿਰਫ਼ 89.8 ਦੇ ਕਰੀਬ ਹੈ ਕਿਉਂਕਿ ਪੰਜਾਬ ਦੇ ਸਮੁੱਚੇ 22 ਜ਼ਿਲ੍ਹਿਆਂ ਦੇ 22000 ਮੁੰਡਿਆਂ ਪਿੱਛੇ ਇਨ੍ਹਾਂ ਦੀ ਗਿਣਤੀ 19767 ਬਣਦੀ ਹੈ ਜੋ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਅੰਕੜਿਆਂ ਵਿਚ ਝਾਤੀ ਮਾਰੀ ਜਾਵੇ ਤਦ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ, ਸਿੱਖੀ ਤੋਂ ਸੇਧ ਲੈਣ ਵਾਲੇ ਜ਼ਿਲ੍ਹੇ ਫ਼ਤਿਹਗੜ੍ਹ ਸਾਹਿਬ, ਸਿੱਖੀ ਨੂੰ ਪੈਦਾ ਕਰਨ ਵਾਲੇ ਦਮਦਮਾ ਸਾਹਿਬ ਦੇ ਜ਼ਿਲ੍ਹੇ ਬਠਿੰਡਾ ਅੰਦਰ ਇਨ੍ਹਾਂ ਦੀ ਗਿਣਤੀ ਦਾ ਘੱਟ ਜਾਣਾ ਨਵੀਂ ਸੋਚ ਵਾਲੇ ਧਰਮ ਸਿੱਖੀ ਉਪਰ ਵੀ ਕਈ ਸਵਾਲ ਖੜੇ ਕਰਦਾ ਹੈ। ਉਕਤ ਅੰਕੜਿਆਂ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਕੁੜੀਆਂ ਦੇ ਮਾਮਲੇ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਜਦਕਿ ਸਰਕਾਰ ਅਤੇ ਵਿਭਾਗ ਅਪਣੇ ਵਲੋਂ ਵੀ ਉਪਰਾਲੇ ਵਿੱਢ ਰਿਹਾ ਹੈ।
ਡੱਬੀ ਗੁਰੂ ਦੇ ਸਿੱਖਾਂ ਨੂੰ ਮੁੰਡੇ ਕੁੜੀ ਦੇ ਫਰਕ ਨੂੰ ਮਿਟਾ ਦੇਣਾ ਚਾਹੀਦੈ: ਬਾਬਾ ਬਲਵੀਰ ਸਿੰਘ ਇਸ ਸਬੰਧੀ ਬਾਬਾ ਬਲਵੀਰ ਸਿੰਘ ਮੁੱਖੀ ਬੁੱਢਾ ਦਲ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਕੁੜੀ ਅਤੇ ਮੁੰਡੇ ਵਿਚਲੇ ਫ਼ਰਕ ਨੂੰ ਮਿਟਾ ਦੇ ਗੁਰੂ ਦੀ ਦਿਤੀ ਦਾਤ ਵਿਚ ਕੋਈ ਫ਼ਰਕ ਨਹੀਂ ਸਮਝਣਾ ਜਦਕਿ ਅਜੋਕੇ ਸਮੇਂ ਵਿਚ ਕੁੜੀਆਂ ਮੁੰਡਿਆਂ ਨਾਲੋ ਵੀ ਅੱਗੇ ਜਾ ਰਹੀਆਂ ਹਨ।
ਪੰਜਾਬੀਆਂ ਨੇ ਰੁੱਖ ਅਤੇ ਕੁੱਖ ਉਜਾੜ ਕੇ ਮਾੜੀ ਪਿਰਤ ਪਾ ਲਈ ਹੈ: ਬਲਕਾਰ ਸਿੱਧੂਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਰੁੱਖ ਅਤੇ ਕੁੱਖ ਦੋਵੇ ਹੀ ਉਜਾੜ ਲਏ ਹਨ ਜਿਸ ਕਾਰਨ ਧਰਤੀ ਹੇਠਲਾ ਪਾਣੀ, ਵਾਤਾਵਰਣ ਦੂਸ਼ਿਤ ਕਰ ਲੈਣ ਦੇ ਨਾਲ ਅਪਣੀ ਸੋਚ ਨਾਲ ਕੁੱਖ ਨੂੰ ਵੀ ਕਲੰਕਿਤ ਕਰ ਲਿਆ ਹੈ। ਇਨ੍ਹਾਂ ਨੂੰ ਸੰਭਲ ਜਾਣਾ ਚਾਹੀਦਾ ਹੈ ਜਿਸ ਵਿਚ ਸਰਕਾਰਾਂ ਦੇ ਨਾਲ ਲੋਕ ਗਾਇਕਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ।