
ਸਤਕਾਰ ਕੌਰ, ਜੋ ਕਿ 2017 ਤੋਂ 2022 ਤੱਕ ਕਾਂਗਰਸ ਦੀ ਵਿਧਾਇਕਾ ਰਹੀ ਸੀ ਤੇ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਹੋ ਗਈ ਸੀ
ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਅਤੇ ਉਸ ਦੇ ਪਤੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ 4 ਜੁਲਾਈ ਦੀ ਤਰੀਕ ਤੈਅ ਕੀਤੀ ਹੈ, ਜਿਸ ਵਿਚ ਉਨ੍ਹਾਂ ਖ਼ਿਲਾਫ਼ ਐਫ਼ਆਈਆਰ ਦਰਜ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਟਾਲਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਪਟੀਸ਼ਨਕਰਤਾ ਸਤਕਾਰ ਕੌਰ, ਜੋ ਕਿ 2017 ਤੋਂ 2022 ਤੱਕ ਕਾਂਗਰਸ ਦੀ ਵਿਧਾਇਕਾ ਰਹੀ ਸੀ ਅਤੇ ਉਸ ਦੇ ਪਤੀ ਜਸਮੇਲ ਸਿੰਘ ਨੇ ਆਪਣੇ ਵਕੀਲ ਸਲਿਲ ਦੇਵ ਸਿੰਘ ਬਾਲੀ ਰਾਹੀਂ ਸੂਬੇ ਅਤੇ ਜਾਂਚ ਅਧਿਕਾਰੀ ਨੂੰ ਪਟੀਸ਼ਨਰਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਉਸ ਦੇ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਅਤੇ ਸੀਆਰਪੀਸੀ ਵਿਚ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਨੋਟਿਸ ਦਿੱਤਾ ਗਿਆ ਹੈ।
ਦੋਹਾਂ ਨੇ ਪੰਜਾਬ ਪੁਲਿਸ ਦੁਆਰਾ ਉਹਨਾਂ ਦੇ ਵਿਰੁੱਧ ਐੱਫਆਈਆਰ ਦਰਜ ਕੀਤੇ ਜਾਣ ਦੀ ਸਥਿਤੀ ਵਿਚ ਪਟੀਸ਼ਨਕਰਤਾਵਾਂ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਹੈ। ਸਤਕਾਰ ਕੌਰ 2017 ਵਿਚ (ਫ਼ਿਰੋਜ਼ਪੁਰ ਦਿਹਾਤੀ) ਤੋਂ ਕਾਂਗਰਸ ਦੀ ਵਿਧਾਇਕਾ ਰਹੀ ਅਤੇ ਬਾਅਦ ਵਿਚ 2022 ਵਿਚ ਕਾਂਗਰਸ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋ ਗਈ। ਪਟੀਸ਼ਨਰ ਵੱਲੋਂ ਦਲੀਲ ਦਿੱਤੀ ਗਈ ਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਕੁਝ ਸਿਆਸੀ ਅਤੇ ਸਵਾਰਥੀ ਹਿੱਤਾਂ ਲਈ ਵਿਜੀਲੈਂਸ ਜਾਂਚ ਵਿਚ ਘਸੀਟਿਆ ਗਿਆ ਹੈ।