
ਹਰਿਮੰਦਰ ਸਾਹਿਬ 'ਚ ਬਜ਼ੁਰਗਾਂ ਤੇ ਅਪਾਹਜ਼ ਸ਼ਰਧਾਲੂਆਂ ਲਈ ਐਸਕਲੇਟਰ ਲਗਾਏ ਜਾਣਗੇ
ਚੰਡੀਗੜ੍ਹ : ਪੰਜਾਬ ਸਰਕਾਰ ਪਾਵਨ ਸ਼ਹਿਰ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਅੰਮ੍ਰਿਤਸਰ ਵਿਚਲੇ ਸਾਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਵਾਧੂ ਫੰਡ ਜਾਰੀ ਕੀਤੇ ਜਾਣਗੇ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਅੰਮ੍ਰਿਤਸਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਹੋਈ ਰੀਵਿਊ ਮੀਟਿੰਗ ਦੌਰਾਨ ਕੀਤਾ।
Darbar Sahib
ਇਸ ਮੀਟਿੰਗ ਵਿਚ ਓ.ਪੀ. ਸੋਨੀ ਮੈਡੀਕਲ ਸਿੱਖਿਆ ਮੰਤਰੀ, ਇੰਦਰਬੀਰ ਸਿੰਘ ਬੁਲਾਰੀਆ, ਡਾ. ਰਾਜ ਕੁਮਾਰ ਵੇਰਕਾ ਅਤੇ ਸੁਨੀਲ ਦੱਤੀ (ਵਿਧਾਇਕ ਅੰਮ੍ਰਿਤਸਰ) ਅਤੇ ਕਰਮਜੀਤ ਸਿੰਘ ਰਿੰਟੂ , ਮੇਅਰ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਅੰਮਿਤਸਰ, ਦਿਨੇਸ਼ ਬੱਸੀ ਅੰਮ੍ਰਿਤਸਰ ਸ਼ਾਮਲ ਹੋਏ। ਮੇਅਰ ਵਲੋਂ ਪਾਵਨ ਸ਼ਹਿਰ ਦੇ ਲੰਬਿਤ ਪਏ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਹੋਰ ਫੰਡ ਜਾਰੀ ਕਰਨ ਸਬੰਧੀ ਮੰਗ ਰੱਖੇ ਜਾਣ 'ਤੇ ਸਥਾਨਕ ਸਰਕਾਰਾਂ ਮੰਤਰੀ ਨੇ ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ ਦੇ ਚੇਅਰਮੈਨ ਨੂੰ ਨਗਰ ਨਿਗਮ ਲਈ ਤੁਰੰਤ 50 ਕਰੋੜ ਰੁਪਏ ਜਾਰੀ ਕਰਨ ਲਈ ਨਿਰਦੇਸ਼ ਦਿੱਤੇ।
Brahm Mohindra orders improvement Trust to immediately release Rs. 50 crore to MC
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਮੀਟਿੰਗ ਦੌਰਾਨ ਬ੍ਰਹਮ ਮਹਿੰਦਰਾ ਨੇ ਦੁਹਰਾਇਆ ਕਿ ਅੰਮ੍ਰਿਤਸਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸ਼ਹਿਰ ਦਾ ਵਿਕਾਸ ਕਰਨਾ ਪੰਜਾਬ ਸਰਕਾਰ ਦੇ ਏਜੰਡੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬ੍ਰਹਮ ਮਹਿੰਦਰਾ ਨੇ ਦਸਿਆ ਕਿ ਪੰਜਾਬ ਸਰਕਾਰ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਬਜ਼ੁਰਗ ਅਤੇ ਅਪਾਹਜ਼ ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਪਾਰਕਿੰਗ ਏਰੀਏ ਤੋਂ ਲੈ ਕੇ ਸਰਾਂ ਤਕ ਐਸਕਲੇਟਰ ਬਣਾਏਗੀ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਔਖਿਆਈ ਦੇ ਪਰਿਕਰਮਾ ਤਕ ਪੁੱਜ ਸਕਣ। ਉਨ੍ਹਾਂ ਮੇਅਰ ਨੂੰ ਇਸ ਪ੍ਰਾਜੈਕਟ ਨੂੰ ਹਕੀਕੀ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਜ਼ਮੀਨੀ ਪੱਧਰ 'ਤੇ ਜਾ ਕੇ ਪ੍ਰਾਜੈਕਟ ਦੀ ਰੂਪ-ਰੇਖਾ ਨੂੰ ਤਿਆਰ ਕਰਨ ਬਾਰੇ ਕਿਹਾ।
ਬ੍ਰਹਮ ਮਹਿੰਦਰਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਰਗਦਰਸ਼ਨ ਲਈ ਪਾਰਕਿੰਗ ਏਰੀਏ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ ਤਕ ਕੋਈ ਸਾਈਨ ਬੋਰਡ ਨਹੀਂ ਹਨ। ਉਨ੍ਹਾਂ ਨੇ ਮੇਅਰ ਨੂੰ ਇਸ ਸਬੰਧੀ ਜਲਦ ਕਾਰਵਾਈ ਕਰਨ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਈਨ ਬੋਰਡ ਲਗਾਉਣ ਲਈ ਕਿਹਾ। ਬ੍ਰਹਮ ਮਹਿੰਦਰਾ ਨੇ ਇਕ ਹੋਰ ਮਹੱਤਵਪੂਰਨ ਮੁੱਦੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੇ ਇਲਾਕੇ ਵਿਚ ਈ-ਰਿਕਸ਼ਾ ਟਰਾਂਸਪੋਰਟ ਮਾਫ਼ੀਆ ਵੱਲੋਂ ਮਨਮਰਜ਼ੀ ਨਾਲ ਸ਼ਰਧਾਲੂਆਂ ਪਾਸੋਂ ਪੈਸੇ ਵਸੂਲੇ ਜਾਂਦੇ ਹਨ ਅਤੇ ਉਨ੍ਹਾਂ ਨੇ ਮਿਉਂਸਪਲ ਕਮਿਸ਼ਨਰ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿਤੇ ਅਤੇ ਈ-ਰਿਕਸ਼ਾ ਲਈ ਨਿਰਧਾਰਤ ਰੇਟ ਕਾਰਡ ਜਾਰੀ ਕਰਨ ਲਈ ਵੀ ਕਿਹਾ।
Brahm Mohindra orders improvement Trust to immediately release Rs. 50 crore to MC
ਅਜੋਏ ਸ਼ਰਮਾ ਮੁੱਖ ਕਾਰਜਕਾਰੀ ਅਫ਼ਸਰ ਪੀ.ਐਮ.ਆਈ.ਡੀ.ਸੀ-ਕਮ-ਸਕੱਤਰ ਸਥਾਨਕ ਸਰਕਾਰ ਵੱਲੋਂ ਪੰਜਾਬ ਮਿਊਂਸੀਪਲ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕੌਂਸਲ(ਪੀਐਮਆਈਡੀਸੀ) ਦੇ ਅੰਮ੍ਰਿਤਸਰ ਸਬੰਧੀ ਵੱਖ ਵੱਖ ਪ੍ਰਾਜੈਕਟਾਂ ਦੀ ਤਾਜ਼ਾ ਸਥਿਤੀ ਸਬੰਧੀ ਇਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿਚ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ, ਅਰਬਨ ਮਿਸ਼ਨ, ਸਵੱਛ ਭਾਰਤ ਮਿਸ਼ਨ, ਸਮਾਰਟ ਮਿਸ਼ਨ, 24 ਘੰਟੇ ਪਾਣੀ ਦੀ ਸਪਲਾਈ ਅਤੇ ਸਟ੍ਰੀਟ ਲਾਈਟਾਂ ਸ਼ਾਮਲ ਸਨ।
Darbar Sahib
ਮੀਟਿੰਗ ਵਿਚ ਮੌਜੂਦ ਵਿਧਾਇਕਾਂ ਨੇ ਸੀਵਰੇਜ ਪ੍ਰਬੰਧਨ, ਸਟ੍ਰੀਟ ਲਾਈਟਿੰਗ ਅਤੇ ਸਾਲਿਡ ਵੇਸਟ ਪ੍ਰਬੰਧਨ ਸਬੰਧੀ ਵੱਖ ਵੱਖ ਮੁੱਦਿਆਂ 'ਤੇ ਚਾਨਣਾ ਪਾਇਆ । ਸੀਵਰੇਜ ਬਲਾਕੇਜ ਜੋ ਕਿ ਇੱਕ ਵੱਡੀ ਸਮੱਸਿਆ ਹੈ, ਨੂੰ ਧਿਆਨ ਵਿਚ ਰੱਖਦਿਆਂ ਮਹਿੰਦਰਾ ਨੇ ਨਗਰ ਨਿਗਮ ਅੰਮ੍ਰਿਤਸਰ ਨੂੰ ਇਕ ਹੋਰ ਸੁਪਰ ਸੱਕਰ ਮਸ਼ੀਨ ਮੁਹੱਈਆ ਕਰਾਉਣ ਦੀ ਪ੍ਰਵਾਨਗੀ ਦਿੱਤੀ। ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਗਰ ਨਿਗਮ ਖੁਦਮੁਖਤਿਆਰ ਇਕਾਈਆਂ ਹਨ ਅਤੇ ਇਨ੍ਹਾਂ ਨੂੰ ਸਵੈਨਿਰਭਰ ਹੋਣ ਦੀ ਲੋੜ ਹੈ ਅਤੇ ਇਨ੍ਹਾਂ ਵਲੋਂ ਆਪਣੇ ਕੋਲ ਮੌਜੂਦ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਫੰਡ ਜੁਟਾਏ ਜਾ ਸਕਣ।
Sri Darbar Sahib Amritsar
ਉਨ੍ਹਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਨਗਰ ਨਿਗਮ ਅੰਮ੍ਰਿਤਸਰ ਦੇ ਮਾਲੀਏ ਨੂੰ ਵਧਾਉਣ ਲਈ ਸਾਰੇ ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ। ਮੰਤਰੀ ਨੇ ਕਿਹਾ ਕਿ ਉਹ 1 ਮਹੀਨੇ ਦੇ ਅੰਦਰ-ਅੰਦਰ ਪਾਵਨ ਸ਼ਹਿਰ ਦਾ ਦੌਰਾ ਕਰਨਗੇ ਅਤੇ ਨਿੱਜੀ ਤੌਰ 'ਤੇ ਨਜ਼ਰਸਾਨੀ ਕਰਨਗੇ ਕਿ ਇਸ ਮੀਟਿੰਗ ਦੌਰਾਨ ਅਧਿਕਾਰੀਆਂ ਤੇ ਆਗੂਆਂ ਵੱਲੋਂ ਕੀਤੇ ਸਾਰੇ ਵਾਅਦਿਆਂ ਨੂੰ ਜ਼ਮੀਨੀ ਪੱਧਰ 'ਤੇ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ।