
ਪੰਥਕ ਧਿਰਾਂ ਸਰਬੱਤ ਖਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ.............
ਬਠਿੰਡਾ: ਪੰਥਕ ਧਿਰਾਂ ਸਰਬੱਤ ਖਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਉਸ ਦੀ ਮੁਲਾਕਾਤ ਅਕਾਲੀ ਦਲ ਯੂਨਾਈਟਿਡ ਦੇ ਗੁਰਦੀਪ ਸਿੰਘ ਬਰਾੜ ਨੇ ਕਰਵਾਈ ਸੀ। ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੁਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਾਹਨ ਸਿੰਘ ਵਾਲਾ ਨੇ ਇਸ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬਾਰੇ ਅਕਾਲੀ ਦਲ ਬਾਦਲ ਵਲੋਂ
ਅਪਣਾਏ ਜਾ ਰਹੇ ਵਤੀਰੇ ਨੂੰ ਵੀ ਲੰਮੇ ਹੱਥੀਂ ਲਿਆ। ਗੁਰਦੀਪ ਸਿੰਘ ਬਰਾੜ ਨੇ ਕਿਹਾ ਕਿ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋਣ ਬਾਬਤ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਬਲਕਿ ਖੁਦ ਹੀ ਪੇਸ਼ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਨੂੰ ਮਿਲ ਕੇ ਇਹ ਮੰਗ ਕਰਨਗੇ ਕਿ ਇਸ ਮਾਮਲੇ ਵਿਚ ਸੱਚ ਦਾ ਨਿਤਾਰਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗੰ੍ਰਥੀ ਸਮੇਤ ਪੰਚ ਗ੍ਰੰਥੀ ਸਾਹਿਬ ਸ੍ਰੀ ਅਕਾਲ ਤਖ਼ਤ 'ਤੇ ਇਕੱਤਰਤਾ ਕਰ ਕੇ ਉਸ ਨੂੰ ਝੂਠਾ ਸਾਬਤ ਕਰ ਦੇਣ ਤਾਂ ਉਹ ਪੰਥ ਵਲੋਂ ਦਿਤੀ ਸਜ਼ਾ ਭੁਗਤਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਸਿੰਘ ਵਲੋਂ ਲਾਏ ਜਾ ਰਹੇ ਦੋਸ਼ ਸਾਬਿਤ ਨਾ ਹੋਣ ਤਾਂ ਭਾਈ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਦੇ ਅਹੁੱਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਪੂਰੀ ਤਨਦੇਹੀ ਨਾਲ ਤੱਥ ਇਕੱਠੇ ਕਰ ਕੇ ਰਿਪੋਰਟ ਸਰਕਾਰ ਨੂੰ ਦਿਤੀ ਹੈ, ਜਿਸ 'ਤੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਪ੍ਰਤੀ ਅਪਣੀ ਨਰਮਦਿਲੀ ਦਿਖਾਉਣੀ ਛੱਡ ਕੇ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਅਤੇ ਸੁਮੇਧ ਸਿੰਘ ਸੈਣੀ ਤੇ ਹੋਰਾਂ ਖਿਲਾਫ਼ ਤੁਰਤ ਮੁਕੱਦਮਾ ਦਰਜ ਕਰਨ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ 'ਚ ਸਜਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪੇ ਜਾਣ ਦੀਆਂ ਚਰਚਾਵਾਂ ਬਾਰੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਈ ਰਾਜੋਆਣਾ ਇਸ ਚਾਲ ਵਿਚ ਫ਼ਸ ਕੇ ਆਪਣਾ ਅਕਸ 'ਕਲੰਕਿਤ' ਨਾ ਕਰਨ। ਇਸ ਮੌਕੇ ਪਰਮਿੰਦਰ ਸਿੰਘ ਬਾਲਿਆਂਵਾਲੀ, ਰਮਨਦੀਪ ਸਿੰਘ, ਜਸਪਾਲ ਸਿੰਘ ਢਿੱਲੋਂ, ਸੁਰਿੰਦਰ ਸਿੰਘ ਨਥਾਣਾ, ਯਾਦਵਿੰਦਰ ਸਿੰਘ ਬਰਾੜ, ਵਰਿੰਦਰ ਸਿੰਘ ਬਰਾੜ, ਜਸਵੀਰ ਸਿੰਘ ਗਿੱਲ ਆਦਿ ਹਾਜ਼ਰ ਸਨ।