
ਕਿਹਾ - ਸਵਾਮੀ ਤੋਂ ਮੁਆਫ਼ੀ ਮੰਗਵਾਏ ਜਾਂ ਪਾਰਟੀ 'ਚ ਬਰਖ਼ਾਸਤ ਕਰੇ ਭਾਜਪਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਕਰਤਾਰਪੁਰ ਲਾਂਘੇ (ਕਾਰੀਡੋਰ) ਨੂੰ ਬੰਦ ਕੀਤੇ ਜਾਣ ਸਬੰਧੀ ਬਿਆਨ ਦਾ ਬੇਹੱਦ ਬੁਰਾ ਮਨਾਉਂਦੇ ਹੋਏ ਭਾਜਪਾ ਹਾਈਕਮਾਨ ਨੂੰ ਕਿਹਾ ਹੈ ਕਿ ਜਾਂ ਤਾਂ ਪਾਰਟੀ ਆਪਣੇ ਬੇਲਗ਼ਾਮ ਆਗੂ (ਸਵਾਮੀ) ਤੋਂ ਬਿਆਨ ਵਾਪਸ ਕਰਵਾ ਕੇ ਮੁਆਫ਼ੀ ਮੰਗਵਾਏ ਅਤੇ ਜਾਂ ਫਿਰ ਉਸ ਨੂੰ ਪਾਰਟੀ 'ਚ ਤੁਰੰਤ ਪ੍ਰਭਾਵ ਬਰਖ਼ਾਸਤ ਕਰਕੇ ਬਾਹਰ ਦਾ ਰਸਤਾ ਦਿਖਾਵੇ।
Baljinder Kaur
ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਵਾਮੀ ਦੀ ਸੋਚ ਅਤੇ ਲਫ਼ਜ਼ਾਂ ਨੇ ਦੁਨੀਆ ਭਰ 'ਚ ਵੱਸਦੀ 'ਨਾਨਕ ਲੇਵਾ ਸੰਗਤ' ਦੇ ਹਿਰਦੇ ਵਲੂੰਧਰੇ ਹਨ, ਕਿਉਂਕਿ 72 ਸਾਲਾਂ ਦੀਆਂ ਲਗਾਤਾਰ ਅਰਦਾਸਾਂ ਅਤੇ ਦੁਆਵਾਂ ਨੇ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਆਸ ਜਗਾਈ ਹੈ, ਪਰੰਤੂ ਦੋਵੇਂ ਪਾਸੇ ਬੈਠੇ ਮਾਨਵਤਾ ਦੇ ਦੁਸ਼ਮਣਾਂ ਅਤੇ ਧਰਮ ਨੂੰ ਹਥਿਆਰ ਬਣਾ ਕੇ ਸਿਆਸਤ ਕਰਨ ਵਾਲੇ ਸਵਾਮੀ ਵਰਗੇ 'ਏਜੰਟ' ਬੇਲੋੜੇ ਅੜਿੱਕੇ ਡਾਹੁਣ ਲੱਗੇ ਹਨ। ਜਿੰਨਾ ਤੋਂ ਨਾ ਕੇਵਲ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਸਗੋਂ ਸਮੁੱਚੇ ਅਵਾਮ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
Subramaniyam swami
'ਆਪ' ਵਿਧਾਇਕਾਂ ਨੇ ਕਿਹਾ ਕਿ ਅਜਿਹੇ ਮੌਕੇ ਅਜਿਹੀ ਅਣਉੱਚਿਤ ਬਿਆਨਬਾਜ਼ੀ ਕਰ ਕੇ ਸੁਬਰਾਮਨੀਅਮ ਸਵਾਮੀ ਨੇ ਖ਼ੁਦ ਨੂੰ ਪਾਕਿਸਤਾਨ ਦੇ ਉਸ 2 ਟਕੇ ਦੇ ਫ਼ੌਜੀ ਅਫ਼ਸਰ ਬਰਾਬਰ ਖੜ੍ਹਾ ਕਰ ਲਿਆ ਹੈ। ਜੋ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਬਕਵਾਸ ਕਰ ਰਿਹਾ ਹੈ। 'ਆਪ' ਵਿਧਾਇਕਾਂ ਨੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਭਗਵਾਨ ਸ੍ਰੀ ਕ੍ਰਿਸ਼ਨ' ਨਾਲ ਕਰਨ ਦੀ ਵੀ ਨਿਖੇਧੀ ਕੀਤੀ। 'ਆਪ' ਵਿਧਾਇਕਾਂ ਨੇ ਕਿਹਾ ਕਿ ਕਿਰਨ ਖੇਰ ਦੀਆਂ ਨਜ਼ਰਾਂ 'ਚ ਮੋਦੀ ਬਹੁਤ ਮਹਾਨ ਹੋ ਸਕਦੇ ਹਨ ਪਰੰਤੂ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ 'ਤੇ ਨਰਿੰਦਰ ਮੋਦੀ ਦੀ ਤੁਲਨਾ 'ਸ੍ਰੀ ਕ੍ਰਿਸ਼ਨ' ਨਾਲ ਕਰਨਾ ਬਿਲਕੁਲ ਗ਼ਲਤ ਹੈ।