
ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਲਿਆ ਹਿੱਸਾ
ਚੰਡੀਗੜ੍ਹ- ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ 7ਵੀਂ ਮੀਟਿੰਗ ਅੱਜ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਅਗਵਾਈ ਵਿਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਸੁਧਾਰਾਂ ਨੂੰ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿਤਾ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਸ ਮੀਟਿੰਗ ਵਿਚ ਸੜਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਸਬੰਧੀ ਲੋੜੀਂਦੇ ਸਾਜ਼ੋ-ਸਮਾਨ ਦੀ ਖ਼ਰੀਦ, ਐਂਬੂਲੈਂਸ ਦੀ ਆਸਾਨ ਪਹੁੰਚ, ਹਾਦਸਾ ਹੋਣ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ, ਇਨਫ਼ੋਰਸਮੈਂਟ ਉਪਾਅ ਨੂੰ ਤੇਜ਼ ਕਰਨ, ਸੜਕ ਸੁਰੱਖਿਆ ਫ਼ੰਡ ਦੀ ਸਿਰਜਣਾ, 31ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ 2020 ਸਬੰਧੀ ਜਾਣਕਾਰੀ ਵਰਗੇ ਮਹੱਤਵਪੂਰਨ ਮੁੱਦੇ ਵਿਚਾਰੇ ਗਏ। ਇਸ ਦੇ ਨਾਲ ਹੀ ਪੰਜਾਬ ਵਿਜ਼ਨ ਜ਼ੀਰੋ ਪ੍ਰਾਜੈਕਟ ਅਧੀਨ ਪ੍ਰਗਤੀ ਸਬੰਧੀ ਇਕ ਪੇਸ਼ਕਾਰੀ ਵੀ ਦਿਤੀ ਗਈ।
ਬੁਲਾਰੇ ਨੇ ਅੱਗੇ ਦਸਿਆ ਕਿ ਮੀਟਿੰਗ ਵਿਚ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰ ਵੀਡੀਉ ਕਾਨਫ਼ਰੰਸਿੰਗ ਰਾਹੀਂ ਸ਼ਾਮਲ ਹੋਏ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਦੇ ਕੰਮਕਾਜ ਦੀ ਜਾਇਜ਼ਾ ਵੀ ਲਿਆ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿਚ ਸਰਕਾਰ ਵਲੋਂ ਅਪਰਾਧਾਂ ਨੂੰ ਰੋਕਣ ਸੰਬਧੀ 19 ਦਸੰਬਰ, 2019 ਨੂੰ ਜਾਰੀ ਕੀਤੇ ਗਏ ਦੋ ਨੋਟੀਫ਼ਿਕੇਸ਼ਨਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰਾਂ ਨਾਲ ਸਬੰਧਤ ਹੋਰ ਅਹਿਮ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ।
ਇਸ ਮੀਟਿੰਗ ਵਿਚ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਕੇ. ਸਿਵਾ ਪ੍ਰਸ਼ਾਦ, ਰਾਜ ਟਰਾਂਸਪੋਰਟ ਕਮਿਸ਼ਨਰ ਡਾ: ਅਮਰਪਾਲ ਸਿੰਘ, ਵਿਸ਼ੇਸ਼ ਸਕੱਤਰ (ਖਰਚਾ) ਡਾ. ਅਭਿਨਵ ਤ੍ਰਿਖਾ ਸ਼ਾਮਲ ਹੋਏ। ਇਸ ਤੋਂ ਇਲਾਵਾ ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ, ਸਥਾਨਕ ਸਰਕਾਰਾਂ ਵਿਭਾਗ, ਐਨ. ਆਈ. ਸੀ, ਸਿਖਿਆ ਵਿਭਾਗ, ਪੰਜਾਬ ਮੰਡੀ ਬੋਰਡ, ਪੀ. ਆਰ. ਬੀ. ਡੀ. ਬੀ ਦੇ ਅਧਿਕਾਰੀਆਂ ਨੇ ਵੀ ਹਾਜ਼ਰ ਸਨ।