
ਬਾਕੀ ਕਿਸਾਨਾਂ ਲਈ ਵੀ ਬਣਿਆ ਰਾਹ-ਦਸੇਰਾ
ਚੰਡੀਗੜ੍ਹ : ਮੌਜੂਦਾ ਸਮੇਂ ਖੇਤੀ ਕੋਈ ਬਹੁਤਾ ਲਾਹੇਵੰਦ ਧੰਦਾ ਨਹੀਂ ਰਹੀ। ਵਧਦੇ ਖੇਤੀ ਖ਼ਰਚਿਆਂ ਦੇ ਮੁਕਾਬਲੇ ਜਿਨਸਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ। ਹਰੀ ਕ੍ਰਾਂਤੀ ਦੇ ਨਾਂ ਹੇਠ ਪੰਜਾਬ ਅੰਦਰ ਸ਼ੁਰੂ ਕੀਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਕਿਸਾਨਾਂ ਦੀ ਆਮਦਨੀ ਵਿਚ ਭਾਵੇਂ ਵਾਧਾ ਕੀਤਾ ਹੈ ਪਰ ਇਸ ਦਾ ਪ੍ਰਭਾਵ ਵੀ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ।
Photo
ਹੁਣ ਹਾਲਤ ਇਹ ਹੈ ਕਿ ਹਰੀ ਕ੍ਰਾਂਤੀ ਦੇ ਝਾਂਸੇ 'ਚ ਆਏ ਕਿਸਾਨਾਂ ਵਲੋਂ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਕੀਤੀ ਅੰਨ੍ਹੇਵਾਹ ਵਰਤੋਂ ਨੇ ਜਿਥੇ ਲੋਕਾਂ ਦੀ ਸਿਹਤ 'ਤੇ ਮਾਰੂ ਪ੍ਰਭਾਵ ਪਾਇਆ ਹੈ ਉਥੇ ਜ਼ਮੀਨ ਅੰਦਰ ਵੀ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋ ਗਈ ਹੈ।
Photo
ਸਿਹਤ ਅਤੇ ਵਾਤਾਵਰਣ 'ਤੇ ਪੈਂਦੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਹੁਣ ਕੁੱਝ ਅਗਾਂਹਵਧੂ ਕਿਸਾਨਾਂ ਨੇ ਆਰਗੈਨਿਕ ਖੇਤੀ ਨੂੰ ਅਪਣਾਉਣਾ ਸ਼ੁਰੂ ਕਰ ਦਿਤਾ ਹੈ। ਅਜਿਹਾ ਹੀ ਇਕ ਕਿਸਾਨ ਹੈ ਸਮਰਾਲਾ ਦਾ ਰਹਿਣ ਵਾਲਾ ਸੁੱਚਾ ਸਿੰਘ ਪਾਬਲਾ ਜੋ ਆਰਗੈਨਿਕ ਖੇਤੀ ਦੇ ਖੇਤਰ ਵਿਚ ਨਾਮਨਾ ਖੱਟ ਰਿਹਾ ਹੈ।
Photo
ਆਰਗੈਨਿਕ ਖੇਤੀ ਨੇ ਉਸ ਦੇ ਵਾਰੇ-ਨਿਆਰੇ ਕਰ ਦਿਤੇ ਹਨ। ਉਸ ਨੇ ਦੋ ਏਕੜ ਜ਼ਮੀਨ ਵਿਚ ਆਗੈਨਿਕ ਖੇਤੀ ਸ਼ੁਰੂ ਕੀਤੀ ਸੀ। ਇਸ ਸਮੇਂ ਉਹ 35 ਏਕੜ 'ਚ ਆਰਗੈਨਿਕ ਖੇਤੀ ਕਰ ਰਿਹਾ ਹੈ। ਉਸ ਨੇ ਅਪਣੀ ਮਿਹਨਤ ਦੇ ਬਲਬੂਤੇ ਚੰਡੀਗੜ੍ਹ ਦੀਆਂ ਕਿਸਾਨ ਮੰਡੀ ਤੋਂ ਲੈ ਕੇ ਵਿਦੇਸ਼ ਤਕ ਅਪਣੀ ਥਾਂ ਬਣਾ ਲਈ ਹੈ। ਸੁੱਚਾ ਸਿੰਘ ਅਨੁਸਾਰ ਉਹ ਆਰਗੈਨਿਕ ਖੇਤੀ ਲਈ ਖਾਦ ਅਤੇ ਸਪਰੇਅ ਵੀ ਖੁਦ ਹੀ ਤਿਆਰ ਕਰਦਾ ਹੈ।
Photo
ਉਹ ਰੋਜ਼ਾਨਾ ਚੰਡੀਗੜ੍ਹ ਤੋਂ 50-60 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਖੇਤਾਂ ਵਿਚ ਪਹੁੰਚਦਾ ਹੈ ਜਿਥੇ ਉਹ ਅਪਣੇ ਮਜ਼ਦੂਰਾਂ ਨਾਲ ਮਿਲ ਕੇ ਖੇਤੀ ਦੇ ਕੰਮ ਵਿਚ ਰੁੱਝ ਜਾਂਦਾ ਹੈ। ਉਹ ਦੂਸਰੇ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਉਸ ਵਲੋਂ ਆਰਗੈਨਿਕ ਖੇਤੀ ਲਈ ਅਪਨਾਏ ਜਾ ਰਹੇ ਢੰਗ-ਤਰੀਕਿਆਂ ਬਾਰੇ ਜਿੱਥੇ ਯੂਨੀਵਰਸਿਟੀਆਂ ਤੋਂ ਮਾਹਿਰ ਆ ਕੇ ਜਾਣਕਾਰੀ ਹਾਸਲ ਕਰਦੇ ਹਨ ਉਥੇ ਕਿਸਾਨ ਵੀ ਉਨ੍ਹਾਂ ਦੇ ਖੇਤਾਂ ਵਿਚ ਆ ਕੇ ਸਿਖਲਾਈ ਲੈਣ 'ਚ ਦਿਲਚਸਪੀ ਦਿਖਾ ਰਹੇ ਹਨ।
Photo
ਸੁੱਚਾ ਸਿੰਘ ਦਾ ਕਹਿਣਾ ਹੈ ਕਿ ਉਹ ਆਰਗੈਨਿਕ ਖੇਤੀ ਨਾਲ ਘੱਟ ਖ਼ਰਚਾ ਕਰਨ ਦੇ ਬਾਵਜੂਦ ਦੂਸਰੇ ਕਿਸਾਨਾਂ ਨਾਲੋਂ ਵਧੇਰੇ ਮੁਨਾਫ਼ਾ ਕਮਾ ਰਿਹਾ ਹੈ। ਉਸ ਨੂੰ ਆਰਗੈਨਿਕ ਖੇਤੀ ਤੋਂ ਪੈਦਾ ਹੋਈ ਉਪਜ ਦਾ ਵਧੀਆ ਭਾਅ ਵੀ ਆਸਾਨੀ ਨਾਲ ਮਿਲ ਰਿਹਾ ਹੈ।