
ਅੱਜ ਕਲ ਦੋ ਗੱਲਾਂ ਕਰਕੇ ਕੁਦਰਤੀ ਖੇਤੀ (ਆਰਗੈਨਿਕ) ਦੀ ਬਹੁਤ ਚਰਚਾ ਹੈ...
ਚੰਡੀਗੜ੍ਹ: ਅੱਜ ਕਲ ਦੋ ਗੱਲਾਂ ਕਰਕੇ ਕੁਦਰਤੀ ਖੇਤੀ (ਆਰਗੈਨਿਕ) ਦੀ ਬਹੁਤ ਚਰਚਾ ਹੈ। ਪਹਿਲੀ ਇਸ ਕਰਕੇ ਕਿ ਰਸਾਇਣਿਕ ਖਾਦਾਂ, ਕੀਟਨਾਸ਼ਕ ਅਤੇ ਨਦੀਨਨਾਸ਼ਕ ਜ਼ਹਿਰਾਂ ਕਰਕੇ ਵਾਤਾਵਰਨ ਦੂਸ਼ਿਤ ਹੀ ਨਹੀ ਹੋ ਰਿਹਾ, ਸਗੋਂ ਇਨਾਂ ਦਾ ਮਨੁੱਖੀ ਸਿਹਤ ਉੱਪਰ ਵੀ ਮੰਦਾ ਅਸਰ ਪੈ ਰਿਹਾ ਹੈ। ਦੂਜੀ ਕੁਝ ਵਿਚਾਰਵਾਨਾਂ ਦੀ ਰਾਇ ਇਹ ਹੈ ਕਿ ਕਿਸਾਨੀ ਸੰਕਟ ਦਾ ਹੱਲ ਵੀ ਏਸੇ ਵਿੱਚ ਹੈ ਕਿਉਂਕਿ ਖਾਦਾਂ ਅਤੇ ਜ਼ਹਿਰਾਂ ਕਰਕੇ ਫਸਲਾਂ ਬੀਜਣ ਅਤੇ ਪਾਲਣ ਉੱਪਰ ਕਿਸਾਨ ਦੀ ਲਾਗਤ ਬਹੁਤ ਵੱਧ ਜਾਂਦੀ ਹੈ।
Organic Fertilizers
ਕੁਦਰਤੀ ਖੇਤੀ ਕਰਨ ਨਾਲ ਇਹ ਖਰਚ ਬਚ ਜਾਵੇਗਾ ਅਤੇ ਕਿਸਾਨ ਦਾ ਸ਼ੁੱਧ ਮੁਨਾਫਾ ਵੱਧ ਜਾਵੇਗਾ। ਇਹ ਦੋਵੇਂ ਗੱਲਾਂ ਸਿਧਾਂਤਕ ਰੂਪ ਵਿੱਚ ਬੜੀਆਂ ਦਿਲ-ਖਿਚਵੀਆਂ ਤੇ ਫਾਇਦੇਮੰਦ ਲਗਦੀਆਂ ਹਨ, ਪਰ ਕੀ ਵਿਹਾਰਕ ਰੂਪ ਵਿੱਚ ਇਹ ਸੰਭਵ ਹੋ ਸਕੇਗਾ? ਪੰਜਾਬ ਦੀ ਅਜੋਕੀ ਸਮਾਜਕ ਅਤੇ ਸੱਭਿਆਚਾਰਕ ਹਾਲਤ ਦੇਖ ਕੇ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ ਬਹੁਤੀਆਂ ਰੌਸ਼ਨ ਨਹੀ ਲਗਦੀਆਂ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੁਦਰਤੀ ਖੇਤੀ ਨਾਲ ਪੈਦਾਵਰ, ਭਾਵੇਂ ਦੋ ਤਿੰਨ ਸਾਲਾਂ ਲਈ ਹੀ ਸਹੀ, ਘੱਟ ਜਾਵੇਗੀ।
Organic Buffalo Dung
ਪ੍ਰਸ਼ਨ ਇਹ ਕਿ ਕਿਸਾਨ ਆਪਣੇ ਕੋਲੋਂ ਵਧੇਰੇ ਪੈਸੇ ਨਾ ਖਰਚਣ ਦੇ ਬਾਵਜੂਦ ਇਹ ਘਾਟਾ ਸਹਿਣ ਕਰ ਸਕੇਗਾ? ਪੰਜਾਬੀ ਕਿਸਾਨੀ ਦੀ ਆਰਥਿਕ ਹਾਲਤ ਅੱਜਕਲ ਕਿਸੇ ਕੋਲੋਂ ਗੁੱਝੀ ਨਹੀ। ਹਰ ਕਿਸਾਨੀ ਪਰਿਵਾਰ ਸਿਰ ਹਜਾਰਾਂ ਨਹੀ ਲੱਖਾਂ ਦਾ ਕਰਜ਼ਾ ਹੈ। ਪੈਦਾਵਾਰ ਘਟੇਗੀ ਪਰ ਖਰਚੇ ਨਹੀ ਘਟਣਗੇ। ਕੋਈ ਕਿਸਾਨ ਵੀ ਦੋ ਤਿੰਨ ਸਾਲ ਲਗਾਤਾਰ ਪੈਣ ਵਾਲਾ ਘਾਟਾ ਸਹਿਣ ਨਹੀ ਕਰ ਸਕੇਗਾ। ਕੁਦਰਤੀ ਖੇਤੀ ਲਈ ਸਭ ਤੋਂ ਪਹਿਲੀ ਲੋੜ ਗੋਹੇ ਦੀ ਰੂੜੀ ਹੈ। ਕਿਹੜਾ ਕਿਸਾਨ ਹੈ ਜੋ ਮਈ ਜੂਨ ਦੀ ਕੜਕਵੀਂ ਧੁੱਪ ਵਿੱਚ ਭਾਫਾਂ ਛੱਡਦੀ ਗੋਹੇ ਦੀ ਰੂੜੀ ਨੂੰ ਟੋਕਰੀਆਂ ਵਿੱਚ ਭਰ ਕੇ ਟਰਾਲੀਆਂ ਵਿੱਚ ਸੁੱਟੇਗਾ ਅਤੇ ਫਿਰ ਖੇਤਾਂ ਵਿੱਚ ਖਿਲਾਰੇਗਾ।
organic vegitabels
ਕਹਿਣ ਦਾ ਭਾਵ ਕਿ ਕੁਦਰਤੀ ਖੇਤੀ ਦੀ ਪਹਿਲੀ ਬੁਨਿਆਦੀ ਲੋੜ ਗੋਹੇ ਦੀ ਰੂੜੀ ਵੀ ਕਿਸਾਨ ਪੂਰੀ ਨਹੀ ਕਰ ਸਕੇਗਾ। ਕੁਦਰਤੀ ਖੇਤੀ ਲਈ ਕੀਟਨਾਸ਼ਕ ਅਤੇ ਨਦੀਨਨਾਸ਼ਕ ਘਰ ਵਿੱਚ ਹੀ ਤਿਆਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਇਨ੍ਹਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਇਕੱਠੀਆਂ ਕਰਕੇ ਇਨ੍ਹਾਂ ਦਾ ਘੋਲ ਬਣਾ ਕੇ ਛਿੜਕਾਅ ਕਰਨਾ ਪਹਿਲਾਂ ਤੋਂ ਤਿਆਰ ਜ਼ਹਿਰਾਂ ਨਾਲੋਂ ਵਧੇਰੇ ਸਮਾਂ ਲੈਣ ਵਾਲਾ ਅਤੇ ਅਕਾਊ ਕੰਮ ਹੈ। ਕੀ ਅੱਜ ਦੀ ਆਰਾਮ-ਪ੍ਰਸਤ ਪੰਜਾਬੀ ਕਿਸਾਨੀ ਇਹ ਸਭ-ਕੁੱਝ ਕਰਨ ਲਈ ਤਿਆਰ ਹੈ? ਇਸ ਦਾ ਦੂਜਾ ਬਦਲ ਹੈ ਗੋਡੀ ਨਾਲ ਨਦੀਨਨਾਸ਼ਕ ਤਲਫ ਕਰਨੇ।
organic food
ਕਿਸੇ ਵੇਲੇ ਕਣਕ ਵਿੱਚੋਂ ਵੌਹਲੀਆਂ ਅਤੇ ਰੰਬਿਆਂ- ਖੁਰਪਿਆਂ ਨਾਲ ਨਦੀਨਾਂ ਦਾ ਸਫਾਇਆ ਕੀਤਾ ਜਾਂਦਾ ਸੀ ਅਤੇ ਝੋਨੇ ਵਿੱਚ ਵੀ ਪਹਿਲਾਂ ਲੱਤ ਫੇਰ ਕੇ ਉੱਗ ਰਹੇ ਨਦੀਨ ਨਸ਼ਟ ਕੀਤੇ ਜਾਂਦੇ ਸਨ। ਕੀ ਇਹ ਸਾਰੀ ਸਰੀਰਕ ਮੁਸ਼ੱਕਤ ਅੱਜ ਸੰਭਵ ਹੈ? ਹੱਥੀਂ ਕੰਮ ਕਰਕੇ ਪੈਸੇ ਬਚਾਉਣ ਨਾਲੋਂ ਅੱਜ ਪੱਲਿਉਂ ਪੈਸੇ ਖਰਚ ਕੇ ਥੋੜੇ ਸਮੇਂ ਵਿੱਚ ਹੀ ਠੋਸ ਨਤੀਜੇ ਪ੍ਰਾਪਤ ਕਰਨ ਦੀ ਕਾਹਲ ਹੈ। ਪੰਜਾਬੀ ਕਿਸਾਨ ਨੇ ਤਾਂ ਜ਼ਹਿਰਾਂ ਅਪਣਾਈਆਂ ਹੀ ਏਸੇ ਕਰਕੇ ਸਨ ਕਿ ਸਰੀਰਕ ਖੇਚਲ ਤੋਂ ਬਚਿਆ ਜਾ ਸਕੇ।
ਹੁਣ ਤਾਂ ਪੰਜਾਬੀ ਕਿਸਾਨੀ ਏਨੀ ਸੁੱਖ ਰਹਿਣੀ ਹੋ ਗਈ ਹੈ ਕਿ ਉਹ ਹਰ ਤਰ੍ਹਾ ਦੀ ਸਰੀਰਕ ਮੁਸ਼ੱਕਤ ਤੋਂ ਬਚਣ ਵਿੱਚ ਹੀ ਭਲਾ ਸਮਝਦੀ ਹੈ। ਇਨ੍ਹਾਂ ਹਕੀਕਤਾਂ ਦੇ ਸਨਮੁੱਖ ਮੈਨੂੰ ਕੁਦਰਤੀ ਖੇਤੀ ਦੀਆਂ, ਘੱਟੋ-ਘੱਟ ਪੰਜਾਬ ਵਿੱਚ,ਸੰਭਾਵਨਾਵਾਂ ਨਾ ਹੋਣ ਦੇ ਬਰਾਬਰ ਹੀ ਦਿਸਦੀਆਂ ਹਨ।