
ਮਲੋਟ, ਲੰਬੀ, 11 ਅਗੱਸਤ (ਹਰਦੀਪ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਜੰਡੂ) : ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ ਦਾ ਕਾਫੀ ਯੋਗਦਾਨ ਰਿਹਾ ਹੈ।
ਮਲੋਟ, ਲੰਬੀ, 11 ਅਗੱਸਤ (ਹਰਦੀਪ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਜੰਡੂ) : ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ ਦਾ ਕਾਫੀ ਯੋਗਦਾਨ ਰਿਹਾ ਹੈ। ਜਦੋਂ ਸਮੇਂ ਦੀਆਂ ਸਰਕਾਰਾਂ ਸੱਤਾ 'ਤੇ ਕਾਬਜ਼ ਹੋ ਕੇ ਆਜ਼ਾਦੀ ਦਿਵਾਉਣ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਅੱਖੋ ਪਰੋਖੇ ਕਰਨ ਤਾਂ ਉਨ੍ਹਾਂ ਦੇ ਪਰਵਾਰਾਂ 'ਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਅੰਗਰੇਜ਼ ਹਕੂਮਤ ਦੇ ਤਸੀਹੇ ਝੱਲੇ ਹੋਣ।
ਅਜਿਹਾ ਇਕ ਮਾਮਲਾ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਸ਼ਾਮ ਖੇੜਾ ਵਿਚ ਸਾਹਮਣੇ ਆਇਆ ਜਿਥੇ ਅਜ਼ਾਦੀ ਘੁਲਾਟੀਏ ਮੁਨਸ਼ਾ ਸਿੰਘ ਦੇ ਪਰਵਾਰ ਨੂੰ ਅਣਗੌਲਿਆਂ ਕੀਤੇ ਜਾਣ ਦਾ ਸਮੇਂ ਦੀਆਂ ਸਰਕਾਰਾਂ ਪ੍ਰਤੀ ਰੋਸ ਹੈ ਕਿ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦੇਣ ਦੀ ਥਾਂ ਅਜ਼ਾਦੀ ਦਿਹਾੜੇ 'ਤੇ ਸਿਰਫ ਸੱਦਾ ਪੱਤਰ ਹੀ ਦਿਤਾ ਜਾਂਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਪਿੰਡ ਸ਼ਾਮ ਖੇੜਾ ਦੇ ਅਜ਼ਾਦੀ ਘੁਲਾਟੀਏ ਮੁਨਸ਼ਾ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਕਈ ਮਹੀਨੇ ਲਾਹੌਰ ਦੀ ਜੇਲ ਵਿਚ ਕੱਟੇ। ਅਜ਼ਾਦੀ ਮਿਲਣ ਤੋਂ ਬਾਅਦ ਵੀ ਉਨਾਂ ਨੂੰ ਮਾਨ ਸਨਮਾਨ ਮਿਲਣ ਦੀ ਉਮੀਦ ਸੀ ਪਰ ਉਹ ਵੀ ਨਹੀਂ ਮਿਲੀ। ਮੁਨਸ਼ਾ ਸਿੰਘ ਇਸ ਚੀਸ ਨੂੰ ਅਪਣੇ ਦਿਲ ਵਿਚ ਲੈ ਕੇ ਦੁਨੀਆਂ ਨੂੰ ਅਲਵਿਦਾ ਆਖ ਗਏ ਅੱਜ ਉਨ੍ਹਾਂ ਦਾ ਪਰਵਾਰ ਇਸ ਗੱਲ ਤੋਂ ਦੁਖੀ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਜੋ ਦੇਸ਼ ਲਈ ਕੁਰਬਾਨੀ ਕੀਤੀ ਸੀ ਉਸ ਦੀ ਕਿਸੇ ਵੀ ਸਰਕਾਰ ਨੇ ਕਦਰ ਨਹੀਂ ਪਾਈ।
ਮੁਨਸ਼ਾ ਸਿੰਘ ਦੇ ਲੜਕੇ ਨੇ ਆਖਿਆ ਕਿ ਉਨਾਂ ਨੂੰ ਫ਼ਖ਼ਰ ਹੈ ਕਿ ਉਨ੍ਹਾਂ ਦੇ ਪਿਤਾ ਨੇ ਦੇਸ਼ ਲਈ ਅੰਗਰੇਜ਼ ਹਕੂਮਤ ਦੇ ਤਸੀਹੇ ਝੱਲ ਕੇ ਜੇਲ ਕੱਟੀ, ਪਰ ਬੇਹੱਦ ਅਫਸੋਸ ਹੈ ਕਿ ਉਨਾਂ ਨੂੰ ਜੋ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਹ ਮਾਣ ਸਨਮਾਨ ਨਹੀਂ ਦਿਤਾ। ਦੇਸ਼ ਦੀ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਸੂਚੀ 'ਚ ਮੁਨਸ਼ਾ ਸਿੰਘ ਦਾ ਨਾਂ ਸ਼ੁਮਾਰ ਕੀਤਾ ਸੀ ਇਹ ਪੱਤਰ ਉਨ੍ਹਾਂ ਨੂੰ ਭੇਜਿਆ ਗਿਆ ਸੀ ਪਰ ਕੇਂਦਰ ਅਤੇ ਸੂਬਾ ਸਰਕਾਰ ਨੇ ਅਜ਼ਾਦੀ ਘੁਲਾਟੀਆਂ ਵਾਲੀਆਂ ਸਰਕਾਰੀ ਸਹੂਲਤਾਂ ਨਹੀਂ ਦਿਤੀਆਂ। ਉਨਾਂ ਨੇ ਕਈ ਵਾਰ ਸਰਕਾਰਾਂ ਨੂੰ ਪੱਤਰ ਲਿਖੇ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਪੱਤਰਾਂ ਦਾ ਕੋਈ ਜਵਾਬ ਨਹੀਂ ਦਿਤਾ ਗਿਆ ਅਖ਼ੀਰ ਮੁਨਸ਼ਾ ਸਿੰਘ ਇਸ ਦੁਨੀਆਂ ਤੋਂ ਚਲੇ ਗਏ।
ਦੂਜੇ ਪਾਸੇ ਮੁਨਸ਼ਾ ਸਿੰਘ ਦੇ ਪੋਤਰੇ ਕੇਵਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੇ ਕਿਸਾਨ ਅੰਦੋਲਨ ਦੌਰਾਨ ਲਾਹੌਰ ਵਿਖੇ ਜੇਲ ਕੱਟੀ। ਉਨਾਂ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਜਿਨ੍ਹਾਂ ਦੇ ਪਰਵਾਰਾਂ ਦਾ ਦੇਸ਼ ਦੀ ਆਜ਼ਾਦੀ ਲਈ ਕੋਈ ਯੋਗਦਾਨ ਵੀ ਨਹੀ ਉਹ ਸਰਕਾਰੀ ਨੌਕਰੀਆਂ ਅਤੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਪਰ ਉਨਾਂ ਦਾ ਪਰਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।