
ਥਾਣਾ ਕੋਟਭਾਈ ਪੁਲਿਸ ਨੇ ਮਿੱਠੂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕੋਠੇ ਦਸ਼ਮੇਸ਼ ਨਗਰ ਹਾਲ ਆਬਾਦ ਭਾਰੂ ਚੌਕ ਗਿੱਦੜਬਾਹਾ ਦੇ ਬਿਆਨਾਂ 'ਤੇ ਇਕ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ
ਥਾਣਾ ਕੋਟਭਾਈ ਪੁਲਿਸ ਨੇ ਮਿੱਠੂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕੋਠੇ ਦਸ਼ਮੇਸ਼ ਨਗਰ ਹਾਲ ਆਬਾਦ ਭਾਰੂ ਚੌਕ ਗਿੱਦੜਬਾਹਾ ਦੇ ਬਿਆਨਾਂ 'ਤੇ ਇਕ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿੱਠੂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਰੁਖਾਲਾ ਰੋਡ ਕੋਠੇ ਦਸ਼ਮੇਸ਼ ਨਗਰ ਨੇ ਪੁਲਿਸ ਨੂੰ ਦਿੱਤੀ ਇਤਲਾਹ ਵਿੱਚ ਦੱਸਿਆ ਹੈ ਕਿ ਉਹ ਤਿੰਨ ਭਰਾ ਮਿੱਠੂ ਸਿੰਘ, ਰਾਮ ਰੱਖਾ ਸਿੰਘ ਅਤੇ ਮੇਜਰ ਸਿੰਘ ਹਨ ਅਤੇ ਮੇਜਰ ਸਿੰਘ ਦਾ ਵਿਆਹ ਨਹੀਂ ਹੋਇਆ ਅਤੇ ਉਹ ਇਕੱਲਾ ਹੀ ਪਿੰਡ ਰਹਿ ਰਿਹਾ ਸੀ।
ਉਸ ਦੇ ਦੂਜੇ ਭਰਾ ਰਾਮ ਰੱਖਾ ਸਿੰਘ ਆਪਣੇ ਹਿੱਸੇ ਦੀ ਜ਼ਮੀਨ ਪਹਿਲਾਂ ਹੀ ਵੇਚ ਚੁੱਕਾ ਸੀ ਅਤੇ ਮੇਰੇ ਭਰਾ ਮੇਜਰ ਸਿੰਘ ਜੋ ਕਿ ਦੋ ਕਿੱਲਿਆਂ ਦਾ ਮਾਲਕ ਹੈ ਨੂੰ ਜ਼ਮੀਨ ਲੈਣ ਖਾਤਰ ਰਾਮ ਰੱਖਾ ਸਿੰਘ ਦੇ ਲੜਕੇ ਤੰਗ ਪ੍ਰੇਸ਼ਾਨ ਕਰਦੇ ਸਨ। ਕੁਝ ਸਮਾਂ ਪਹਿਲਾਂ ਉਨ੍ਹਾਂ ਮੇਰੇ ਭਰਾ ਦੀ ਕੁੱਟਮਾਰ ਵੀ ਕੀਤੀ ਸੀ ਅਤੇ ਇਸ ਸਬੰਧੀ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਸਨ ਅਤੇ 9-10 ਅਗਸਤ ਦੀ ਦਰਮਿਆਨੀ ਰਾਤ ਨੂੰ ਮੈਨੂੰ ਮੇਰੇ ਜਵਾਈ ਮਨਜੀਤ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਮੇਜਰ ਸਿੰਘ ਦਾ ਕਤਲ ਹੋ ਗਿਆ ਹੈ।
ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਉਕਤ ਮਿੱਠੂ ਸਿੰਘ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਨੇ ਬੀਤੀ ਸ਼ਾਮ ਮੇਰੇ ਭਤੀਜੇ ਕੁਲਦੀਪ ਸਿੰਘ ਅਤੇ ਮੇਰੇ ਭਰਾ ਮੇਜਰ ਸਿੰਘ ਨੂੰ ਇਕੱਠੇ ਦੇਖਿਆ ਸੀ ਅਤੇ ਮੈਨੂੰ ਯਕੀਨ ਹੈ ਕਿ ਮੇਰੇ ਭਰਾ ਦਾ ਕਤਲ ਕੁਲਦੀਪ ਸਿੰਘ ਪੁੱਤਰ ਰਾਮ ਰੱਖਾ ਸਿੰਘ ਨੇ ਕੀਤਾ ਹੈ। ਪੁਲਿਸ ਨੇ ਮਿੱਠੂ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਕੁਲਦੀਪ ਸਿੰਘ ਪੁੱਤਰ ਰਾਮ ਰੱਖਾ ਸਿੰਘ ਹਾਲ ਆਬਾਦ ਬੀਬੀ ਵਾਲਾ ਰੋਡ ਬਠਿੰਡਾ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੈ।