
ਹਾਈ ਕੋਰਟ ਦੇ ਫ਼ੈਸਲੇ ਦੇ ਸੰਦਰਭ ਵਿਚ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਵਿਚ ਹੋਈ ਪੰਥਕ ਦਲਾਂ ਤੇ ਕੁੱਝ ਸਿਆਸੀ ਆਗੂਆਂ ਦੀ ਮੀਟਿੰਗ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰੀਪੋਰਟ ਰੱਦ ਕਰ ਦੇਣ ਬਾਅਦ ਇਕ ਵਾਰ ਫਿਰ ਪੰਥਕ ਦਲ ਤੇ ਕੁੱਝ ਸਿਆਸੀ ਦਲਾਂ ਦੇ ਸਿੱਖ ਆਗੂ ਇਕੱਠੇ ਹੋ ਗਏ ਹਨ। ਇਥੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਬੈਠਕ ਹੋਈ। ਮੀਟਿੰਗ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਬਰਗਾੜੀ ਅੰਦੋਲਨ ਤੋਂ ਬਾਅਦ ਹੁਣ ਮੁੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਨਿਆਂ ਲਈ ਵੱਡਾ ਮੋਰਚਾ ਲੱਗਣ ਜਾ ਰਿਹਾ ਹੈ।
High Court of Punjab and Haryana
ਭਾਵੇਂ ਮੀਟਿੰਗ ਵਿਚ ਅੰਤਮ ਫ਼ੈਸਲਾ ਨਹੀਂ ਲਿਆ ਗਿਆ ਪਰ ਅੰਦੋਲਨ ਦੀ ਰਣਨੀਤੀ ਉਪਰ ਵਿਚਾਰ ਕੀਤੀ ਗਈ ਹੈ। ਐਕਸ਼ਨ ਪ੍ਰੋਗਰਾਮਾਂ ਦਾ ਐਲਾਨ ਮੋਹਾਲੀ ਵਿਚ ਹੋਣ ਵਾਲੀ 27 ਅਪ੍ਰੈਲ ਦੀ ਅਗਲੀ ਮੀਟਿੰਗ ਵਿਚ ਕਰ ਦਿਤਾ ਜਾਵੇਗਾ। ਇਸ ਮੀਟਿੰਗ ਵਿਚ ਹੋਰ ਜਥੇਬੰਦੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ.ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿਸੇ ਵੀ ਪ੍ਰੋਗਰਾਮ ਨੂੰ ਉਲੀਕਣ ਲੱਗਿਆਂ ਇਹ ਖ਼ਿਆਲ ਰਖਿਆ ਜਾਵੇਗਾ ਕਿ ਚਲ ਰਹੇ ਕਿਸਾਨ ਅੰਦੋਲਨ ਨੂੰ ਕੋਈ ਨੁਕਸਾਨ ਨਾ ਪੁੱਜੇ।
Sukhpal Khaira
ਖਹਿਰਾ ਨੇ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਨੇ ਦੇਸ਼ ਵਿਦੇਸ਼ ਰਹਿੰਦੇ ਸਿੱਖਾਂ ਨੂੰ ਨਿਰਾਸ਼ ਅਤੇ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਾਲ ਦੀ ਗੱਲ ਹੈ ਕਿ ਜਦ ਬਾਦਲ ਖ਼ੁਦ ਅਦਾਲਤ ਗਏ ਹੀ ਨਹੀਂ, ਫਿਰ ਵੀ ਹਾਈ ਕੋਰਟ ਬਾਦਲਾਂ ਨੂੰ ਕਲੀਨ ਚਿੱਟ ਦੇ ਰਿਹਾ ਹੈ ਜਦਕਿ ਇਹ ਕੰਮ ਟਰਾਇਲ ਕੋਰਟ ਦਾ ਸੀ। ਮੀਟਿੰਗ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਕਿਹਾ,‘‘ਹਾਈ ਕੋਰਟ ਨੇ ਇਕ ਪਾਸੜ ਫ਼ੈਸਲਾ ਦਿਤਾ ਹੈ। ਪੂਰੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਫ਼ੈਸਲੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
Bhai Ranjit Singh
ਮੀਟਿੰਗ ਵਿਚ ਭਾਈ ਰਣਜੀਤ ਸਿੰਘ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪੰਥਕ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ, ਆਪ ਦੇ ਬਾਗ਼ੀ ਵਿਧਾਇਕ ਕੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ, ਵਿਧਾਇਕ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਅਕਾਲੀ ਦਲ ਡੈਮੋਕ੍ਰੇਟਿਕ ਗਰੁਪ ਵਲੋਂ ਪਰਮਿੰਦਰ ਸਿੰਘ ਢੀਂਡਸਾ, ਹਰਦੀਪ ਸਿੰਘ, ਕੇਂਦਰੀ ਸਿੰਘ ਸਭਾ ਦੇ ਖ਼ੁਸ਼ਹਾਲ ਸਿੰਘ ਦੇ ਨਾਮ ਜ਼ਿਕਰਯੋਗ ਹਨ।