
ਹਰਿਆਣਾ ਵਿਚ ਬਾਦਲ ਅਪਣੀ ਲਗਾਤਾਰ ਡਿੱਗਦੀ ਸਾਖ ਨੂੰ ਬਚਾਉਣ ਲਈ ਵਾਇਆ ਲੋਹਗੜ ਦਾਖ਼ਲ ਹੋਣਾ ਚਾਹੁੰਦੇ ਹਨ। ਹਰਿਆਣਾ ਸਿੱਖ ਸੰਗਤਾਂ ਅਤੇ ਹਰਿਆਣਾ ਕਮੇਟੀ ...
ਹਰਿਆਣਾ ਵਿਚ ਬਾਦਲ ਅਪਣੀ ਲਗਾਤਾਰ ਡਿੱਗਦੀ ਸਾਖ ਨੂੰ ਬਚਾਉਣ ਲਈ ਵਾਇਆ ਲੋਹਗੜ ਦਾਖ਼ਲ ਹੋਣਾ ਚਾਹੁੰਦੇ ਹਨ। ਹਰਿਆਣਾ ਸਿੱਖ ਸੰਗਤਾਂ ਅਤੇ ਹਰਿਆਣਾ ਕਮੇਟੀ ਉਨ੍ਹਾਂ ਦੀਆਂ ਲੋਮੜ ਚਾਲਾਂ ਨੂੰ ਕਿਸੇ ਵੀ ਸੂਰਤ ਵਿਚ ਸਫ਼ਲ ਨਹੀਂ ਹੋਣ ਦੇਣਗੀਆਂ। ਉਪਰੋਕਤ ਵਿਚਾਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪ੍ਰਗਟਾਏ ਹਨ।
ਉਨ੍ਹਾਂ ਕਿਹਾ ਕਿ ਲੋਹਗੜ੍ਹ ਵਿਖੇ 27 ਤਾਰੀਕ ਨੂੰ ਹੋਣ ਜਾ ਰਹੇ ਗੁਰਮਤਿ ਸਮਾਗਮ ਦੀ ਆੜ ਵਿਚ ਅਕਾਲੀ ਦਲ, ਅਪਣਾ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਅਹੁਦੇਦਾਰਾਂ ਸਮੇਤ ਪੰਜਾਬ ਦੇ ਅਨੇਕਾਂ ਅਕਾਲੀ ਵਰਕਰ ਇਸ ਸਮਾਗਮ ਵਿਚ ਪਹੁੰਚ ਰਹੇ ਹਨ। ਅਕਾਲੀ ਦਲ, ਸੰਗਤਾਂ ਵਲੋਂ ਦਿਤੀ ਜਾਂਦੀ ਦਸਵੰਧ ਭਾਵ ਗੁਰੂ ਦੀ ਗੋਲਕ ਦੀ ਮਾਇਆਂ ਨੂੰ ਅਪਣੇ ਰਾਜਸੀ ਫਾਇਦੇ ਲਈ ਵਰਤ ਰਿਹਾ ਹੈ।
ਇਕ ਸਵਾਲ ਦੇ ਜੁਆਬ ਵਿਚ ਹਰਿਆਣਾ ਕਮੇਟੀ ਦੇਪ੍ਰਧਾਨ ਨੇ ਕਿਹਾ ਕਿ ਸਾਲ 2016 ਵਿਚ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲ ਸ਼ਹੀਦੀ ਸਮਾਗਮ ਵਿਚ ਸੂਬਾ ਪਧਰੀ ਸਮਾਗਮ ਆਰੰਭੇ ਸਨ। ਨਗਰ ਕੀਰਤਨ ਦਾ ਸੁਆਗਤ ਲੋਹਗੜ੍ਹ ਕੀਤਾ ਸੀ, ਉਸ ਸਮੇਂ ਤੋਂ ਬਾਅਦ ਸਥਾਨਕ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੇ ਇਸ ਸਥਾਨ ਦੀ ਖੋਜ ਕਰਨੀ ਸ਼ੁਰੂ ਕੀਤੀ। ਸਰਕਾਰ ਦੇ ਸਹਿਯੋਗ ਨਾਲ 2 ਸਾਲ ਦੀ ਅਣਥੱਕ ਮਿਹਨਤ ਨਾਲ ਜੋ ਦਸਤਾਵੇਜ਼ ਸਾਹਮਣੇ ਆਏ ਹਨ,
ਉਹ ਸਿੱਖ ਇਤਿਹਾਸ ਲਈ ਅਹਿਮ ਹਨ ਅਤੇ 300 ਸਾਲਾਂ ਤੋਂ ਲੁਕੇ ਇਤਿਹਾਸ ਨੂੰ ਉਜਾਗਰ ਕਰਨ ਦਾ ਸਮਾਂ ਆ ਗਿਆ ਹੈ। ਸੰਗਤਾਂ ਵਲੋਂ ਲੋਹਗੜ੍ਹ ਟਰੱਸਟ ਬਣਾ ਇਸ ਥਾਂ 'ਤੇ 3 ਏਕੜ ਜ਼ਮੀਨ ਖ਼ਰੀਦ ਕੇ, ਬਹੁਤ ਘੱਟ ਸਮੇਂ ਵਿਚ ਇਸ ਜ਼ਮੀਨ ਤੇ ਸੰਗਤਾਂ ਨੇ ਦਰਬਾਰ ਹਾਲ ਤਿਆਰ ਕਰ ਦਿਤਾ ਹੈ ਜਦਕਿ ਲੋਹਗੜ ਵਿਖੇ ਹੀ ਗੁਰਦੁਆਰਾ ਪਾਊਂਟਾ ਸਾਹਿਬ ਨੇ ਹਿਮਾਚਲ ਸਰਕਾਰ ਤੋਂ ਸਾਲ 2007 ਵਿਚ ਜ਼ਮੀਨ ਲਈ ਸੀਪਰ 11 ਸਾਲ ਬੀਤ ਜਾਣ ਤੋਂ ਬਾਅਦ ਵੀ ਪਾਊਂਟਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਉਥੇ ਕੋਈ ਕੰਮ ਨਹੀਂ ਹੋਇਆ।
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਜ਼ਮੀਨ ਤੇ ਕੰਮ ਕਰਣ ਦੀ ਥਾਂ, ਭਗਵਾਨਪੁਰ ਵਿਚ ਅਪਣੀ ਵਖਰੀ ਜ਼ਮੀਨ ਲਈ ਜਿੱਥੇ ਪਹਿਲਾਂ ਕਈਂ ਸਾਲ ਕੋਈ ਕੰਮ ਨਹੀਂ ਕਰਵਾਇਆ ਤੇ ਹੁਣ ਜੱਦੋ ਲੋਹਗੜ੍ਹ ਟਰੱਸਟ ਨੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਆਰੰਭ ਕਰ ਕੇ ਲੋਹਗੜ੍ਹ ਦਾ ਕੰਮ ਸ਼ੁਰੂ ਕੀਤਾ ਤਾਂ ਸੰਗਤਾਂ 'ਚ ਅਪਣੀ ਸਾਖ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਜਲਦਬਾਜ਼ੀ ਵਿਚ ਹੁਣ ਗੁਰਦੁਆਰਾ ਸਾਹਿਬ ਸਥਾਪਤ ਕਰਨ ਲਈ ਕਾਰ ਸੇਵਾ ਆਰੰਭ ਕੀਤੀ ਹੋਈ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ 'ਤੇ ਸਵਾਲ ਕਰਦੇ ਕਿਹਾ ਕਿ ਇਕ ਦਹਾਕੇ ਤੋਂ ਉਨ੍ਹਾਂ ਪਾਸ ਜ਼ਮੀਨ ਸੀ ਤਾਂ ਹੁਣ 308ਵਾਂ ਸਥਾਪਨਾ ਦਿਵਸ ਹੀ ਕਿਉਂ ਚੇਤੇ ਆਇਆ, ਇਸ ਤੋਂ ਪਹਿਲਾਂ ਦੇ ਸਥਾਪਨਾ ਦਿਵਸ ਤੇ ਸਮਾਗਮ ਕਿਉਂ ਨਾ ਉਲੀਕੇ ਗਏ। ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਬਾਦਲਕਿਆਂ ਦੀ ਚਾਲਾਂ ਤੋਂ ਸੰਗਤਾਂ ਸੁਚੇਤ ਰਹਿਣ ਅਤੇ ਜਿਹੜੇ ਕੁੱਝ ਕੁ ਸਾਡੇ ਭਰਾ ਨਿਜੀ ਸਵਾਰਥ ਕਰ ਕੇ ਨਾਲ ਲੱਗੇ ਹਨ ਉਨ੍ਹਾਂ ਤੋਂ ਬਚਣ ਦੀ ਲੋੜ ਹੈ।
ਇਸ ਮੌਕੇ ਸੁਖਵਿੰਦਰ ਸਿੰਘ ਮੰਡੇਬਰ ਜਿਲਾ ਪ੍ਰਧਾਨ ਹਰਿਆਣਾ ਕਮੇਟੀ, ਮਨਮੋਹਨ ਸਿੰਘ ਰਾਦੋਰ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਕਲੇਸਰਾ, ਤਰਲੋਚਨ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਜਰਨੈਲ ਸਿੰਘ, ਬਲਪ੍ਰੀਤ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।