
ਇਸ ਲਈ ਸਿਲੇਬਸ ਦੀ ਪੜਚੋਲ ਵਾਸਤੇ ਜੋ ਕਮੇਟੀ ਬਣਾਈ ਗਈ ਸੀ, ਉਸ ਵਿਚ ਗਿਣੀ ਮਿੱਥੀ ਸਾਜ਼ਸ਼ ਅਧੀਨ ਆਰ.ਐਸ.ਐਸ. ਦੀ ਸੋਚ ਨੂੰ ਸਮਰਪਤ ਸਿੱਖ ਵਿਦਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ
ਨਵੀਂ ਦਿੱਲੀ: 7 ਮਈ (ਅਮਨਦੀਪ ਸਿੰਘ): ਪੰਜਾਬ ਸਕੂਲ ਸਿਖਿਆ ਬੋਰਡ ਦੀ 12 ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਮੁੱਦੇ 'ਤੇ ਪਿਛਲੀ ਬਾਦਲ ਭਾਜਪਾ ਸਰਕਾਰ ਨੂੰੰੰ ਘੇਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਬਾਦਲ ਸਰਕਾਰ ਨੇ ਅਖਉਤੀ ਤੌਰ 'ਤੇ ਆਰ.ਐਸ.ਐਸ. ਦੇ ਭਗਵੇਂਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਹੀ ਸਿੱਖ ਇਤਿਹਾਸ ਦੇ ਪਾਠਾਂ ਨੂੰ ਬਾਰ੍ਹਵੀਂ ਜਮਾਤ ਵਿਚੋਂ ਹਟਾਉਣ ਦੀ ਸਾਜ਼ਸ਼ ਰਚੀ ਸੀ।
ਇਸ ਲਈ ਸਿਲੇਬਸ ਦੀ ਪੜਚੋਲ ਵਾਸਤੇ ਜੋ ਕਮੇਟੀ ਬਣਾਈ ਗਈ ਸੀ, ਉਸ ਵਿਚ ਗਿਣੀ ਮਿੱਥੀ ਸਾਜ਼ਸ਼ ਅਧੀਨ ਆਰ.ਐਸ.ਐਸ. ਦੀ ਸੋਚ ਨੂੰ ਸਮਰਪਤ ਸਿੱਖ ਵਿਦਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਸਿੱਖ ਇਤਿਹਾਸ ਦੇ ਜਾਣੂ ਤੇ ਸ਼ਰਧਾਵਾਨ ਇਤਿਹਾਸਕਾਰਾਂ ਨੂੰ ਕਮੇਟੀ ਵਿਚ ਸ਼ਾਮਲ ਹੀ ਨਹੀਂ ਸੀ ਕੀਤਾ ਗਿਆ ਤਾਕਿ ਆਰ.ਐਸ.ਐਸ. ਇਤਿਹਾਸ ਦੇ ਭਗਵਾਂਕਰਨ ਦੇ ਏਜੰਡੇ ਨੂੰ ਸੌਖਿਆਂ ਸਿਰੇ ਚਾੜ੍ਹ ਸਕੇ।ਉਨਾਂ ਕਿਹਾ, “ਬਾਦਲਾਂ ਨੇ ਉਨਾਂ੍ਹ ਕਾਮਰੇਡਾਂ ਤੋਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਤਿਆਰ ਕਰਵਾਉਣ ਦੀ ਨੀਤੀ ਅਪਣਾਈ ਜੋ ਪਹਿਲਾਂ ਕਾਮਰੇਡ ਸਨ, ਪਰਪਿਛੋਂ ਆਰ.ਐਸ.ਐਸ. ਦੀ ਸੋਚ ਦੇ ਧਾਰਨੀ ਬਣ ਗਏ ਤੇ ਇਨਾਂ੍ਹ ਅਖਉਤੀ ਇਤਿਹਾਸਕਾਰਾਂ ਨੇ ਹੀ ਸ਼ਹੀਦੀ ਊਧਮ ਸਿੰਘ ਤੇ ਕਾਮਾਗਾਟਾਮਾਰੂ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਕੇ ਰੱਖ ਦਿਤਾ ਤਾਕਿ ਆਉਣ ਵਾਲੀਆਂ ਨਸਲਾਂ ਆਪਣੇ ਇਤਿਹਾਸ ਤੋਂ ਖੂੰਝ ਜਾਣ।' ਉਨ੍ਹਾਂ ਬਾਦਲਾਂ ਨੂੰ ਹਰ ਮੋਰਚੇ 'ਤੇ ਨਾਕਾਮ ਗਰਦਾਨਿਆ ਤੇ ਦੋਸ਼ ਲਾਇਆ ਕਿ ਬਾਦਲਾਂ ਤੇ ਆਰ.ਐਸ.ਐਸ. ਦਾ ਸਿੱਖ ਵਿਰੋਧੀ ਏਜੰਡਾ 1999 ਦੀ ਖ਼ਾਲਸਾ ਤ੍ਰੈ ਸ਼ਤਾਦਬੀ ਵੇਲੇ ਹੀ ਬੇਪਰਦ ਹੋ ਗਿਆ ਸੀ, ਜਦੋਂ ਸ਼੍ਰੋਮਣੀ ਕਮੇਟੀ ਵਲੋਂ 'ਸਿੱਖ ਇਤਿਹਾਸ' ਨਾਮ ਦੀ ਕਿਤਾਬ ਹਿੰਦੀ ਵਿਚ ਛਾਪ ਕੇ, ਵੰਡਣੀ ਸ਼ੁਰੂ ਕਰ ਦਿਤੀ ਗਈ ਸੀ। ਇਸ ਕਿਤਾਬ ਵਿਚ ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਕਲੰਕਿਤ ਕੀਤਾ ਗਿਆ ਹੋਇਆ ਹੈ।
Sukhbir Singh Badal
ਪਿਛੋਂ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਜਿਸ ਪਿਛੋਂ ਫ਼ਸਾਦ ਹੋਏ ਤੇ ਕਈ ਸਿੱਖ ਨੌਜਵਾਨ ਸ਼ਹੀਦ ਹੋਏ, ਫਿਰ ਵੀ ਬਾਦਲਾਂ ਦੀ ਸ਼ਹਿ 'ਤੇ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਤੀ ਗਈ। ਬਾਅਦ ਵਿਚ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਬਾਦਲਾਂ ਨੇ ਬੇਕਸੂਰ ਸਿੱਖਾਂ 'ਤੇ ਗੋਲੀਆਂ ਵਰ੍ਹਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਹਰ ਸਿੱਖ ਇਤਿਹਾਸਕਾਰਾਂ ਦੀ ਕਮੇਟੀ ਬਣਾ ਕੇ, ਪੰਜਾਬ ਤੇ ਸਿੱਖ ਇਤਿਹਾਸ ਦੇ ਪਾਠਾਂ ਨੂੰ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਮੁੜ ਸ਼ਾਮਲ ਕਰੇ ਜਿਸ ਨਾਲ ਹਰੇਕ ਬੱਚਾ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ। ਇਸ ਤਰ੍ਹਾਂ ਆਰ.ਐਸ.ਐਸ. ਵਰਗੀਆਂ ਫ਼ਿਰਕੂ ਜੱਥੇਬੰਦੀਆਂ ਆਉਣ ਵਾਲੀਆਂ ਨਸਲਾਂ ਨੂੰ ਧਰਮ ਦੇ ਨਾਂਅ 'ਤੇ ਨਹੀਂ ਲੜਾ ਸਕਣਗੀਆਂ ਤੇ ਪੰਜਾਬ ਦਾ ਅਮਨ ਚੈੱਨ ਵੀ ਕਾਇਮ ਰਹੇਗਾ।ਉਨਾਂ੍ਹ ਮੰਗ ਕੀਤੀ ਕਿ ਬਾਦਲ ਭਾਜਪਾ ਸਰਕਾਰ ਸਿੱਖ ਇਤਿਹਾਸ ਵਿਚ ਕੀਤੀ ਗਈ ਛੇੜਛਾੜ ਲਈ ਤੁਰਤ ਮਾਫ਼ੀ ਮੰਗੇ।ਸ.ਸਰਨਾ ਨੇ ਕਿਹਾ ਕਿ ਉਹ ਨਿੱਜੀ ਤੌਰ'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ, ਇਹ ਮੰਗ ਕਰਨਗੇ ਕਿ ਜਿਸ ਤਰ੍ਹਾਂ ਪਹਿਲੇ ਇਤਿਹਾਸ ਵਿਚ ਸਿੱਖਾਂ ਬਾਰੇ ਪੜ੍ਹਾਇਆ ਜਾ ਰਿਹਾ ਸੀ, ਉਸੇ ਕੋਰਸ ਨੂੰ ਮੁੜ ਤੋਂ ਲਾਗੂ ਕੀਤਾ ਜਾਵੇ।