
ਬੀਤੇ ਕਈ ਦਹਾਕਿਆਂ ਤੋਂ ਘੱਗਰ ਦਰਿਆ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਕਈ ਫ਼ੈਕਟਰੀਆਂ ਦਾ ਜ਼ਹਿਰੀਲਾ ਅਤੇ ਗੰਦਾ ਪਾਣੀ ਛੱਡੇ ਜਾਣ ਨਾਲ ਪੰਜਾਬ ਅਤੇ ਹਰਿਆਣਾ...
ਪਾਤੜਾਂ, 25 ਮਈ (ਹਰਮਿੰਦਰ ਕਰਤਾਰਪੁਰ): ਬੀਤੇ ਕਈ ਦਹਾਕਿਆਂ ਤੋਂ ਘੱਗਰ ਦਰਿਆ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਕਈ ਫ਼ੈਕਟਰੀਆਂ ਦਾ ਜ਼ਹਿਰੀਲਾ ਅਤੇ ਗੰਦਾ ਪਾਣੀ ਛੱਡੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਰਾਜ ਦੇ ਕਈ ਪਿੰਡਾਂ ਦੇ ਲੋਕ ਭਿਆਨਕ ਬੀਮਾਰੀਆਂ ਦੀ ਜਕੜ ਵਿਚ ਆ ਰਹੇ ਹਨ। ਪੰਜਾਬ ਵਿਚ ਅਕਾਲੀ ਸਰਕਾਰ ਦੇ ਵਕਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ ਖਾਨਾ ਪੂਰਤੀ ਕਰਦਿਆਂ ਹਰਿਆਣਾ ਦੇ ਉਸ ਵਕਤ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਸੀ
ਕਿ ਘੱਗਰ ਦਰਿਆ 'ਚ ਪੰਜਾਬ ਅਤੇ ਹਰਿਆਣਾ ਦੀਆਂ ਫ਼ੈਕਟਰੀਆਂ ਦਾ ਜ਼ਹਿਰੀਲਾਂ ਪਾਣੀ ਛੱਡੇ ਜਾਣ ਨਾਲ ਧਰਤੀ ਦੇ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਜਿਸ ਦੇ ਸਥਾਈ ਹੱਲ ਲਈ ਦੋਹਾਂ ਸਰਕਾਰਾਂ ਨੂੰ ਮਿਲ ਕੇ ਠੋਸ ਹੱਲ ਕੱਢਣ ਦੀ ਲੋੜ ਹੈ ਪਰ ਇਸ ਸੱਭ ਦੇ ਬਾਵਜੂਦ ਵੀ ਘੱਗਰ ਦਰਿਆ ਦੀ ਕਿਸੇ ਨੇ ਸਾਰ ਨਹੀਂ ਲਈ। ਘੱਗਰ ਦਰਿਆ 'ਚ ਵਗਦੇ ਜ਼ਹਿਰੀਲੇ ਪਾਣੀ ਦੇ ਚੱਲਦਿਆਂ ਸਬ ਡਵੀਜ਼ਨ ਪਾਤੜਾਂ ਦੇ ਬਾਦਸ਼ਾਹਪੁਰ, ਰਾਮਪੁਰ ਪੜਤਾ, ਸਿਓਨਾ ਕਾਠ, ਸਧਾਰਨਪੁਰ, ਅਰਨੇਟੂ,
ਝੀਲ, ਕਰੀਮ ਨਗਰ, ਕਰਤਾਰਪੁਰ, ਰਸੋਲੀ, ਸਾਗਰਾ, ਤੇਈਪੁਰ, ਜੋਗੇਵਾਲ, ਗੋਲਾਹੜ ਆਦਿ ਪਿੰਡਾਂ ਦੇ ਵਿਅਕਤੀ ਕਾਲਾ ਪੀਲ਼ੀਆ ਅਤੇ ਕੈਂਸਰ ਵਰਗੀਆਂ
ਨਾਮੁਰਾਦ ਬੀਮਾਰੀਆਂ ਦੀ ਜਕੜ ਵਿਚ ਆ ਕੇ ਅਪਣੀ ਜਾਨ ਤੋਂ ਹੱਥ ਧੋ ਬੈਠੇ ਹਨ 'ਤੇ ਕੁੱਝ ਹਸਪਤਾਲਾਂ 'ਚ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਹਨ।
ਸਮਾਜ ਸੇਵੀ ਕੁਲਦੀਪ ਸਿੰਘ ਚੁਨਗਰਾ,ਹਰੀ ਸਿੰਘ ਮੋਮੀਆਂ ਦਾ ਕਹਿਣਾ ਹੈ ਕਿ ਘੱਗਰ ਦਰਿਆ ਹਰਿਆਣਾ ਰਾਜ ਦੇ ਪੰਚਕੂਲਾ ਤੋਂ ਸ਼ੁਰੂ ਹੋ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਦੀ ਹੁੰਦਾ ਹੋਇਆ ਪਕਿਸਤਾਨ ਵਲ ਨੂੰ ਵੱਗਦਾ ਹੈ
ਤੇ ਇਨ੍ਹਾਂ ਤਿੰਨ ਰਾਜਾਂ ਦੇ ਜੋ ਲੋਕ ਘੱਗਰ ਦਰਿਆ ਦੇ ਕੰਢੇ ਜਾਂ ਆਸਪਾਸ ਕੁੱਝ ਦੂਰੀ 'ਤੇ ਵੱਸੇ ਹੋਏ ਹਨ। ਸੱਭ ਇਸ ਜ਼ਹਿਰੀਲੇ ਪਾਣੀ ਦੀ ਮਾਰ ਹੇਠ ਆ ਕੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਘੱਗਰ ਦਰਿਆ 'ਤੇ ਰਾਜਨੀਤੀ ਕਰ ਕੇ ਸਿਆਸੀ ਲਾਹਾ ਲੈਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਚੋਣਾਂ ਲੰਘਦੇ ਸਾਰ ਹੀ ਸਿਆਸੀ ਆਗੂ ਪਤਾ ਨਹੀਂ ਕਿਥੇ ਚਲੇ ਜਾਂਦੇ ਹਨ।