
ਸਥਾਨਕ ਸ਼ਹਿਰ ਦੇ ਕੱਚਾ ਵਾਸ ਵਾਰਡ ਨੰਬਰ ਤਿੰਨ ਅਤੇ ਗਲੀ ਨੰਬਰ 21 ਜਿਸ ਵਿੱਚ ਜਿਆਦਾਤਰ ਦਲਿਤ ਸਮਾਜ ਦੇ ਲੋਕ ਰਹਿੰਦੇ ਹਨ, ਕੁਝ ਰਸੂਖਦਾਰ ਵਿਅਕਤੀਆਂ...
ਰਾਮਾਂ ਮੰਡੀ: ਸਥਾਨਕ ਸ਼ਹਿਰ ਦੇ ਕੱਚਾ ਵਾਸ ਵਾਰਡ ਨੰਬਰ ਤਿੰਨ ਅਤੇ ਗਲੀ ਨੰਬਰ 21 ਜਿਸ ਵਿੱਚ ਜਿਆਦਾਤਰ ਦਲਿਤ ਸਮਾਜ ਦੇ ਲੋਕ ਰਹਿੰਦੇ ਹਨ, ਕੁਝ ਰਸੂਖਦਾਰ ਵਿਅਕਤੀਆਂ ਵਲੋਂ ਅੱਗੇ ਇਸ ਗਲੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਜਦੋਂ ਕਿ ਇਸਦੇ ਨਾਲ ਲਗਦੀਆਂ ਸਾਰੀਆਂ ਗਲੀਆਂ ਅੱਗੇ ਦੂਸਰੀਆਂ ਗਲੀਆਂ ਨੂੰ ਮਿਲਦੀਆਂ ਹਨ। ਜਿਸ ਕਾਰਨ ਇਹ ਗਲੀ ਵੀ ਖੁਲਵਾਉਣ ਲਈ ਦਲਿੱਤ ਸਮਾਜ ਵੱਲੋਂ ਐੱਸ.ਡੀ.ਐੱਮ ਤਲਵੰਡੀ ਸਾਬੋ ਵਰਿੰਦਰ ਕੁਮਾਰ ਨੂੰ ਅਤੇ ਨਗਰ ਕੌਂਸਲ ਰਾਮਾਂ ਵਿਖੇ ਨੂੰ ਮੰਗ ਪੱਤਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਦਲਿਤ ਸੰਘਰਸ਼ ਸਮਿਤੀ ਦੇ ਪ੍ਰਧਾਨ ਰਾਮ ਕ੍ਰਿਸ਼ਨ ਕਾਂਗੜਾ ਨੇ ਦੱਸਿਆ ਕਿ ਇਹ ਸਭ ਇੱਕ ਸ਼ਾਜਿਸ਼ ਦੇ ਤਹਿਤ ਬਸਤੀ ਦਾ ਵਿਕਾਸ ਰੋਕਣ ਲਈ ਗਲੀ ਬੰਦ ਕੀਤੀ ਜਾ ਰਹੀ ਹੈ, ਅੱਗੇ ਬੋਲਦਿਆਂ ਕਾਂਗੜਾ ਨੇ ਕਿਹਾ ਕਿ ਜੇਕਰ ਕੋਈ ਪਲਾਟ ਕੱਟਦਾ ਹੈ ਤਾਂ ਉਸਨੂੰ ਗਲੀ ਦਿਵਾਉਣ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ।
ਜੋ ਇਹ ਧੱਕਾ ਹੋ ਰਿਹਾ ਹੈ ਇਸਨੂੰ ਰੋਕਿਆ ਜਾਵੇ ਅਤੇ 60 ਫੁੱਟ ਲੰਬਾਈ ਵਾਲਾ ਗਲੀ ਦਾ ਟੋਟਾ ਦਿਵਾਇਆ ਜਾਵੇ ਤਾਂ ਜੋ ਗਲੀ ਅੱਗੇ ਤੱਕ ਜੁੜ ਸਕੇ। ਅੱਗੇ ਬੋਲਦਿਆਂ ਕਾਂਗੜਾ ਨੇ ਕਿਹਾ ਕਿ ਜਿਸ ਤਰਾਂ ਭਾਰਤ ਦੀ ਅਜਾਦੀ ਤੋਂ ਪਹਿਲਾਂ ਦਲਿਤ ਪਰਿਵਾਰਾਂ ਨੂੰ ਦਬਾਉਣ ਅਤੇ ਕੁਚਲਣ ਵਾਸਤੇ ਉਹਨਾਂ ਦੀਆਂ ਗਲੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਸਨ ਉਸੇ ਤਰਾਂ ਹੀ ਹੁਣ ਇਤਿਹਾਸ ਦੁਹਰਾਇਆ ਜਾ ਰਿਹਾ ਹੈ।
ਰਾਮ ਕ੍ਰਿਸ਼ਨ ਕਾਂਗੜਾ ਦੀ ਅਗਵਾਈ ਵਿੱਚ ਇਕੱਠੇ ਹੋਏ ਦਲਿਤ ਭਾਈਚਾਰੇ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਸੰਬੰਧੀ ਪ੍ਰਸ਼ਾਸ਼ਨ ਵੱਲੋਂ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ 27 ਜੂਨ ਨੂੰ ਦਲਿਤ ਸਮਾਜ ਵੱਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਭੁੱਖ ਹੜਤਾਲ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਡਾ.ਸੋਹਨ ਲਾਲ ਕਲਿਆਣੀ ਸਮਾਜ ਸੇਵੀ, ਸੰਤ ਰਾਮ,ਕਮਲ ਕਿਸ਼ੋਰ,ਰਾਕੇਸ਼ ਕੁਮਾਰ ਵਿੱਕੀ ਕੁਮਾਰ ਅਤੇ ਕਮਲੂ ਤੋਂ ਇਲਾਵਾ ਕਾਫੀ ਗਿਣਤੀ ਦਲਿਤ ਸਮਾਜ ਦੇ ਲੋਕ ਹਾਜਰ ਸਨ।