
ਗੋਇੰਦਵਾਲ ਸਾਹਿਬ ਮਾਰਗ ’ਤੇ ਮੋਟਰਸਾਈਕਲ ਸਵਾਰ ਗੁਰਮੇਜ ’ਤੇ ਚਲਾਈਆਂ ਗੋਲੀਆਂ
ਤਰਨਤਾਰਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 45 ਸਾਲਾ ਗੁਰਮੇਜ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਗੁਰਮੇਜ ਸਿੰਘ ਬੀਤੀ ਸ਼ਾਮ 7 ਵਜੇ ਦੇ ਲਗਭੱਗ ਮੋਟਰਸਾਈਕਲ ’ਤੇ ਅਪਣੀ ਭੈਣ ਦੇ ਘਰੋਂ ਦੁੱਧ ਲੈ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਗੋਇੰਦਵਾਲ ਸਾਹਿਬ ਮਾਰਗ ’ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਪਿੱਛੇ ਤੋਂ ਗੋਲੀਆਂ ਮਾਰ ਦਿਤੀਆਂ।
Crime
ਗੋਲੀਆਂ ਲੱਗਣ ਕਾਰਨ ਗੁਰਮੇਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫ਼ਿਲਹਾਲ ਦੋਸ਼ੀਆਂ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ ਹੈ। ਮਾਮਲੇ ਸਬੰਧੀ ਡੀਐਸਪੀ ਸਿਟੀ ਕਮਲਦੀਪ ਸਿੰਘ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਤੋਂ ਇੰਝ ਜਾਪਦਾ ਹੈ ਕਿ ਕਾਤਲਾਂ ਵਲੋਂ ਗੁਰਮੇਜ ਨੂੰ ਗੋਲੀ ਲੁੱਟ-ਖੋਹ ਕਰਨ ਦੇ ਮਕਸਦ ਨਾਲ ਮਾਰੀ ਗਈ ਹੋਵੇ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ।
Gobind Singh Longowal
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸਰਕਾਰ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਅਪੀਲ ਕੀਤੀ ਹੈ। ਲੌਂਗੋਵਾਲ ਨੇ ਗੁਰਮੇਜ ਦੇ ਪਰਵਾਰ ਨੂੰ ਇਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।