
ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸੁੱਟਿਆ ਸ਼ਮਸ਼ਾਨਘਾਟ ਦੇ ਕੋਲ
ਖੇਮਕਰਨ: ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਜੋਧ ਸਿੰਘ ਵਾਲਾ ਦੇ ਇਕ ਨੌਜਵਾਨ ਦਾ ਨਾਜਾਇਜ਼ ਸਬੰਧਾਂ ਦੇ ਚਲਦਿਆਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਨਸ਼ੇ ਦਾ ਆਦੀ ਸੀ। ਘਰਦਿਆਂ ਦੀ ਰੋਕ-ਟੋਕ ਤੋਂ ਤੰਗ ਆ ਕੇ ਪਿਛਲੇ 2 ਦਿਨਾਂ ਤੋਂ ਉਹ ਅਪਣੇ ਨਾਨਕੇ ਪਿੰਡ ਵਲਟੋਹਾ ਵਿਖੇ ਮਾਮਾ ਕਾਕਾ ਸਿੰਘ ਦੇ ਘਰ ਰਹਿਣ ਲਈ ਆਇਆ ਸੀ। ਬੀਤੀ ਰਾਤ ਗੁਰਪ੍ਰੀਤ ਘਰੋਂ ਲਾਪਤਾ ਹੋ ਗਿਆ ਅਤੇ ਸਵੇਰੇ ਪਿੰਡ ਵਲਟੋਹਾ ਸ਼ਮਸ਼ਾਨਘਾਟ ਕੋਲੋਂ ਉਸ ਦੀ ਲਾਸ਼ ਮਿਲੀ।
Murder Case
ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਘਰ ਵਾਲਿਆਂ ਨੂੰ ਇਸ ਸਬੰਧੀ ਇਤਲਾਹ ਕਰ ਦਿਤੀ। ਮ੍ਰਿਤਕ ਦੀ ਮਾਂ ਬੀਰੋ ਪਤਨੀ ਪਿਆਰਾ ਸਿੰਘ ਰੋਂਦੀ ਕੁਰਲਾਉਂਦੀ ਆਈ ਤੇ ਕਹਿਣ ਲੱਗੀ ਕਿ ਮੇਰੇ ਪੁੱਤ ਦਾ ਕਤਲ ਕੀਤਾ ਗਿਆ ਹੈ। ਭਾਵੇਂ ਮੇਰਾ ਪੁੱਤ ਨਸ਼ੇ ਕਰਦਾ ਸੀ ਪਰ ਇਹ ਮੌਤ ਕੋਈ ਕੁਦਰਤੀ ਘਟਨਾ ਨਹੀਂ, ਬਲਕਿ ਕਤਲ ਹੈ। ਇਸ ਮਗਰੋਂ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਹ ਪਤਾ ਲੱਗਾ ਕਿ ਲੜਕੇ ਦਾ ਕਤਲ ਹੋਇਆ ਹੈ ਤੇ ਉਸ ਦੇ ਮਾਸੜ ਪੂਰਨ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਗੁਰਪ੍ਰੀਤ ਦੇ ਨਾਜਾਇਜ਼ ਸਬੰਧਾਂ ਦੇ ਕਾਰਨ ਕਤਲ ਕੀਤਾ ਹੈ।
Murder
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਜਾਂਚ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਦੇ ਅਪਣੀ ਮਾਮੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਹ ਕੱਲ ਰਾਤ ਅਪਣੀ ਮਾਮੀ ਬਲਜੀਤ ਕੌਰ ਨੂੰ ਮਿਲਣ ਲਈ ਗਿਆ। ਉੱਥੇ ਮੌਜੂਦ ਪੂਰਨ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਬਲਜੀਤ ਨਾਲ ਮਿਲ ਕੇ ਉਸ ਦਾ ਕਤਲ ਕਰ ਦਿਤਾ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸ਼ਮਸ਼ਾਨਘਾਟ ਕੋਲ ਸੁੱਟ ਦਿਤਾ। ਪੁਲਿਸ ਥਾਣਾ ਵਲਟੋਹਾ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।