ਕਰਮਚਾਰੀਆਂ ਵਲੋਂ ਜਨਤਕ ਮੁਆਫ਼ੀ ਦੀ ਕੀਤੀ ਜਾ ਰਹੀ ਮੰਗ
ਰੂਪਨਗਰ: ਵਿਧਾਇਕ ਦਿਨੇਸ਼ ਚੱਡਾ ਵਲੋਂ ਰੂਪਨਗਰ ਤਹਿਸੀਲ ਦਫ਼ਤਰ ਵਿਚ ਕੀਤੀ ਗਈ ਅਚਨਚੇਤ ਚੈਕਿੰਗ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਹੈ। ਕਰਮਚਾਰੀਆਂ ਵਲੋਂ ਹਲਕਾ ਵਿਧਾਇਕ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਦਿਨੇਸ਼ ਚੱਢਾ ਵਲੋਂ ਕਰਮਚਾਰੀਆ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਗਈ। ਇਸ ਦੇ ਰੋਸ ਵਜੋਂ ਸੂਬਾ ਬਾਡੀ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਜ਼ਿਲ੍ਹਾ ਰੂਪਨਗਰ ਵਿਚ ਹਲਕਾ ਵਿਧਾਇਕ ਵਿਰੁਧ ਰੋਸ ਧਰਨਾ ਕੀਤਾ ਗਿਆ ਅਤੇ ਵਿਧਾਇਕ ਦਾ ਪੁਤਲਾ ਫੂਕਿਆ ਗਿਆ। ਇਸ ਧਰਨੇ ਦੌਰਾਨ ਡੀ.ਸੀ ਦਫ਼ਤਰ, ਉਪ ਮੰਡਲ ਮੈਜਿਸਟਰੇਟ ਦਫ਼ਤਰ, ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆ ਵਿਚ ਰੋਸ ਪਾਇਆ ਗਿਆ।
ਇਹ ਵੀ ਪੜ੍ਹੋ: ਰਾਹੁਲ ਨੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਵਾਲੇ ਗਿਗ ਵਰਕਰਾਂ ਲਈ ਰਾਜਸਥਾਨ ਦੇ ਨਵੇਂ ਕਾਨੂੰਨ ਦੀ ਕੀਤੀ ਸ਼ਲਾਘਾ
ਸੂਬਾ ਪ੍ਰਧਾਨ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਵਲੋਂ ਕਰਮਚਾਰੀਆ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਵਲੋਂ ਕੀਤੇ ਗਏ ਵਤੀਰੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ, “ਹਲਕਾ ਵਿਧਾਇਕ ਕਹਿ ਰਹੇ ਹਨ ਕਿ ਉਹ ਕੀ ਉਹ ਆਮ ਆਦਮੀ ਹਨ ਅਤੇ ਉਨ੍ਹਾਂ ਵਿਚ ਕੋਈ ਆਕੜ ਜਾ ਹੰਕਾਰ ਨਹੀ ਹੈ ਤਾਂ ਉਹ ਕਰਮਚਾਰੀਆ ਵਿਚ ਆ ਕੇ ਅਪਣੇ ਵਿਵਹਾਰ ਲਈ ਮੁਆਫ਼ੀ ਮੰਗਣ।
ਇਹ ਵੀ ਪੜ੍ਹੋ: ਪੁਲਿਸ ਨੇ ਫਿਲੌਰ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ਵਿਚ ਸੁਲਝਾਇਆ, 2 ਮੁਲਜ਼ਮਾਂ ਨੂੰ ਕੀਤਾ ਕਾਬੂ
ਇਸ ਮੌਕੇ ਸੂਬਾ ਪ੍ਰਧਾਨ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਮਿਤੀ 27-7-2023 ਤੋਂ 30-07-2023 ਤਕ ਪੰਜਾਬ ਦੇ ਸਮੂਹ ਡੀ.ਸੀ ਦਫ਼ਤਰ ਦੇ ਕਰਮਚਾਰੀ ਅਤੇ ਸੀ.ਆਰ.ਓ ਯੂਨੀਅਨ ਦੇ ਅਧਿਕਾਰੀ ਕਲਮਛੋੜ ਹੜਤਾਲ ’ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਹੜਤਾਲ ਨਾਲ ਆਮ ਜਨਤਾ ਨੂੰ ਹੋਣ ਵਾਲੀ ਸਾਰੀ ਪ੍ਰੇਸ਼ਾਨੀ ਦੀ ਜ਼ਿੰਮੇਵਾਰੀ ਹਲਕਾ ਵਿਧਾਇਕ ਦੀ ਹੋਵੇਗੀ।
ਇਹ ਵੀ ਪੜ੍ਹੋ: ਸਿੱਕਮ ਬਾਰਡਰ ’ਤੇ ਸ਼ਹੀਦ ਹੋਇਆ ਪੰਜਾਬ ਦਾ ਜਵਾਨ
ਵਿਧਾਇਕ ਚੱਢਾ ਦੇ ਹੱਕ ’ਚ ਇਕੱਠੇ ਹੋਏ ਹਜ਼ਾਰਾਂ ਲੋਕ
ਉਧਰ ਜ਼ਿਲ੍ਹੇ ਵਿਚ ਕਈ ਥਾਵਾਂ ’ਤੇ ਵਿਧਾਇਕ ਦਿਨੇਸ਼ ਚੱਢਾ ਦੇ ਹੱਕ ਵਿਚ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਦੇ ਸੱਦੇ ਉਤੇ ਹਜ਼ਾਰਾਂ ਲੋਕਾਂ ਦਾ ਹਜ਼ੂਮ ਇਕੱਠਾ ਹੋਇਆ। ਇਕੱਤਰ ਹੋਏ ਲੋਕ ਵਿਧਾਇਕ ਚੱਢਾ ਵਲੋਂ ਤਹਿਸੀਲ ਦਫਤਰ ਵਿਚ ਕੀਤੀ ਗਈ ਚੈਕਿੰਗ ਵਿਰੁਧ ਕੁੱਝ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਗ਼ਲਤ ਠਹਰਾ ਰਹੇ ਸਨ। ਨੂਰਪੁਰਬੇਦੀ, ਘਨੌਲੀ, ਘਾੜ, ਰੋਪੜ ਸ਼ਹਿਰ ਸਮੇਤ ਵੱਖ-ਵੱਖ ਥਾਵਾਂ ਤੋਂ ਆਪ ਮੁਹਾਰੇ ਪਹੁੰਚ ਰਹੇ ਜਥਿਆਂ ਨੂੰ ਪੁਲਿਸ ਵਲੋਂ ਲਗਾਏ ਗਏ ਨਾਕਿਆਂ ਉਤੇ ਰੋਕਣ ਕਰਕੇ ਸ਼ਹਿਰ ਦੇ ਚਾਰ ਚੁਫੇਰੇ ਸਵਰਾਜ ਮਾਜ਼ਦਾ ਫੈਕਟਰੀ, ਗਿਆਨੀ ਜ਼ੈਲ ਸਿੰਘ ਨਗਰ, ਗੁਰੂਦੁਆਰਾ ਭੱਠਾ ਸਾਹਿਬ ਰੋਡ ਅਤੇ ਬੱਚਤ ਚੌਂਕ ਨੇੜੇ ਲੋਕ ਬੈਠ ਗਏ। ਇਸਦੇ ਬਾਵਜੂਦ ਹਜ਼ਾਰਾਂ ਲੋਕ ਵਿਧਾਇਕ ਦੀ ਰਿਹਾਇਸ਼ ਨੇੜੇ ਇਕੱਠੇ ਹੋ ਗਏ, ਜਿਥੇ ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ਪ੍ਰਣਾਲੀ ਦੇ ਵਿਰੁਧ ਤਕਰੀਰਾਂ ਕਰਕੇ ਰੋਸ ਜ਼ਾਹਰ ਕੀਤਾ ਗਿਆ।