
ਡਾਕਟਰਾਂ 'ਤੇ ਅਣਗਹਿਲੀ ਦੇ ਇਲਜ਼ਾਮ ਲਗਾਉਂਦਿਆਂ ਕੀਤੀ ਕਾਰਵਾਈ ਦੀ ਮੰਗ
ਖਡੂਰ ਸਾਹਿਬ (ਮਾਨ ਸਿੰਘ) : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਦੇ ਬਾਜ਼ਾਰ ਵਿਚ ਗੁਰੂ ਕਿਰਪਾ ਹਸਪਤਾਲ ਦੇ ਬਾਹਰ ਲੋਕਾਂ ਨੇ ਔਰਤ ਦੀ ਲਾਸ਼ ਰੱਖ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਇਥੇ ਬੱਚੇ ਨੂੰ ਜਨਮ ਦੇਣ ਮਗਰੋਂ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੇ ਚਲਦੇ ਪ੍ਰਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਅਣਗਹਿਲੀ ਦੇ ਇਲਜ਼ਾਮ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਗੁਆਂਢੀ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ
ਮੀਡੀਆ ਨਾਲ ਗਲਬਾਤ ਕਰਦਿਆਂ ਲੜਕੀ ਦੇ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਸਾਡੀ ਲੜਕੀ ਮਨਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਜੋ ਕਿ ਗਰਭਵਤੀ ਸੀ, ਨੂੰ ਫਤਿਆਬਾਦ ਦੇ ਬਾਜ਼ਾਰ ਵਿਚ ਗੁਰੂ ਕਿਰਪਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਧੀ ਨੇ ਲੜਕੀ ਨੂੰ ਜਨਮ ਦਿਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ ਉਨ੍ਹਾਂ ਦੀ ਧੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
ਉਧਰ ਹਸਪਤਾਲ ਦੇ ਡਾਕਟਰ ਅਸ਼ੀਸ਼ ਕੁਮਾਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਕਿਹਾ ਕਿ ਮਰੀਜ਼ ਜਦੋਂ ਹਸਪਤਾਲ ਵਿਚ ਆਇਆ ਤਾਂ ਉਸ ਸਮੇਂ ਹੀ ਉਸ ਦੀ ਹਾਲਤ ਗੰਭੀਰ ਸੀ। ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਪ੍ਰਵਾਰ ਨੂੰ ਦਸ ਦਿਤਾ ਗਿਆ ਸੀ ਕਿ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਦੀ ਜਾਨ ਖ਼ਤਰੇ ਵਿਚ ਹੈ।ਮਰੀਜ਼ ਵਿਚ ਖ਼ੂਨ ਦੀ ਕਮੀ ਸੀ ਅਤੇ ਨਾਲ ਹੀ ਡਿਲੀਵਰੀ ਦੌਰਾਨ ਵੀ ਕਾਫ਼ੀ ਮਾਤਰਾ ਵਿਚ ਖ਼ੂਨ ਵਹਿ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਜੋ ਵੀ ਕੀਤਾ ਜਾ ਸਕਦਾ ਸੀ ਉਹ ਕੀਤਾ ਗਿਆ ਪਰ ਮਰੀਜ਼ ਦੀ ਜਾਨ ਨਹੀਂ ਬਚਾਈ ਜਾ ਸਕੀ। ਫਤਿਆਬਾਦ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।