
ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਦਰਬਾਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਵੇਖਣਯੋਗ ਸੀ..........
ਅੰਮ੍ਰਿਤਸਰ : ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਦਰਬਾਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਵੇਖਣਯੋਗ ਸੀ। ਇਥੇ ਨਤਮਸਤਕ ਹੋਣ ਆਈਆਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਇਸ ਅਲੌਕਿਕ ਦੀਪਮਾਲਾ ਦਾ ਅਨੰਦ ਮਾਣਿਆ ਅਤੇ ਗੁਰੂ ਦਰਬਾਰ 'ਚ ਹਾਜ਼ਰੀਆਂ ਭਰ ਕੇ ਅਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਬੀਤੇ ਤਿੰਨ ਦਿਨਾਂ ਤੋਂ ਸੰਗਤਾਂ ਇਸ ਪਾਵਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ ਅਤੇ ਚੱਲ ਰਹੇ ਧਾਰਮਕ ਦੀਵਾਨਾਂ ਅਤੇ ਵੱਖ-ਵੱਖ ਸਮਾਗਮਾਂ ਵਿਚ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਕੀਰਤਨ ਸਰਵਣ ਕਰ ਕੇ ਨਿਹਾਲ ਹੋ ਰਹੀਆਂ ਹਨ।
ਇਸੇ ਦੌਰਾਨ ਅੱਜ ਰਾਤ ਨੂੰ ਸੁੰਦਰ ਦੀਪਮਾਲਾ ਵੇਖਣ ਲਈ ਸੰਗਤਾਂ ਹੁਮ-ਹੁਮਾ ਕੇ ਪੁੱਜੀਆਂ। ਇਸ ਮੁਬਾਰਕ ਮੌਕੇ 'ਤੇ ਸੰਗਤ ਵਲੋਂ ਮਿੱਟੀ ਦੇ ਦੀਵੇ ਜਗਾ ਕੇ ਵੀ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਗਿਆ। ਦੇਰ ਸ਼ਾਮ ਬਾਬਾ ਰਾਮ ਸਿੰਘ ਸੀਘਣੇਵਾਲੇ, ਪੁਲਿਸ ਕਮਿਸ਼ਨ ਐਸ. ਐਸ. ਸ੍ਰੀਵਾਸਤਵ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਿੱਟੀ ਦੇ ਦੀਵੇ ਜਗਾ ਕੇ ਸ਼ਰਧਾ ਪ੍ਰਗਟਾਈ।