
ਕੇਂਦਰ ਵਲੋਂ ਪਾਸ ਖੇਤੀ ਬਿਲ ਫ਼ੈਡਰਲ ਢਾਂਚੇ 'ਤੇ ਘਾਤਕ ਹਮਲਾ : ਗਿਆਨੀ ਕੇਵਲ ਸਿੰਘ
ਬੁੱਧੀਜੀਵੀਆਂ, ਲੇਖਕਾਂ ਤੇ ਸਮਾਜ ਸੇਵੀ ਸੰਗਠਨਾਂ ਦੇ ਸੰਮੇਲਨ ਵਿਚ ਭਰਵੀਂ ਚਰਚਾ
ਚੰਡੀਗੜ੍ਹ, 25 ਅਕਤੂਬਰ (ਗੁਰਉਪਦੇਸ਼ ਭੁੱਲਰ): ਅੱਜ ਇਥੇ ਕਿਸਾਨ ਭਵਨ ਵਿਖੇ ਸੈਂਕੜੇ ਬੁੱਧੀਜੀਵੀਆਂ ਜਿਨ੍ਹਾਂ ਵਿਚ ਪ੍ਰੋਫ਼ੈਸਰ, ਵਿਗਿਆਨੀ, ਲੇਖਕ, ਵਕੀਲ, ਪ੍ਰਸ਼ਾਸਨਿਕ ਅਧਿਕਾਰੀ, ਇੰਜੀਨੀਅਰ, ਡਾਕਟਰ, ਵਿਦਿਆਰਥੀ, ਸਮਾਜ ਸੇਵੀ ਸ਼ਾਮਲ ਹੋਏ, ਨੇ ਕਿਸਾਨਾਂ-ਮਜ਼ਦੂਰਾਂ ਦੇ ਸ਼ਾਨਾਮੱਤੇ ਸ਼ਾਂਤਮਈ, ਬਹੁਤ ਹੀ ਯੋਜਨਾਬੱਧ ਸੰਘਰਸ਼ ਦੇ ਸਮਰਥਨ ਵਿਚ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਪ੍ਰਧਾਨਗੀ ਵਿਚ ਇਕ ਸੰਮੇਲਨ ਕੀਤਾ ਅਤੇ ਐਲਾਨ ਕੀਤਾ ਕਿ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿਚ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਪੰਜਾਬ ਬਚਾਉ ਕਾਫ਼ਲਾ ਚਲਾਇਆ ਜਾਵੇਗਾ।
ਡਾ. ਪਿਆਰਾ ਲਾਲ ਗਰਗ ਨੇ ਪੇਪਰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਚੌਤਰਫੇ ਸੰਕਟ ਵਿਚ ਘਿਰ ਗਿਆ ਹੈ ਇਸ ਦੀ ਕਿਸਾਨੀ ਤੇ ਜੁਆਨੀ ਨੂੰ ਨਿਰਾਸ਼ਤਾ ਦੇ ਅਮਲ ਵਿਚ ਧੱਕ ਕੇ ਇਸ ਦੇ ਸੁਪਨੇ ਮਾਰ ਦਿਤੇ ਗਏ ਹਨ। ਡਾ. ਗਿਆਨ ਸਿੰਘ ਉਘੇ ਅਰਥ ਸ਼ਾਸਤਰੀ ਨੇ ਕਿਹਾ ਕਿ ਕੇਂਦਰ ਦੇ ਕਾਨੂੰਨਾਂ ਨਾਲ ਦੇਸ਼ ਵਿਚ ਭੁੱਖਮਰੀ ਤੇ ਬੇਰੁਜ਼ਗਾਰੀ ਹੱਦਾਂ ਬੰਨ੍ਹੇ ਟੱਪ ਜਾਵੇਗੀ, ਭਾਰਤ ਜਿਹੜਾ ਪਹਿਲਾਂ ਹੀ ਸੰਸਾਰ ਦੇ ਗ਼ਰੀਬ ਮੁਲਕਾਂ ਤੋਂ ਵੀ ਹੇਠਾਂ ਹੈ ਸੱਭ ਤੋਂ ਹੇਠਲੇ ਡੰਡੇ ਵਲ ਖਿਸਕ ਜਾਵੇਗਾ। ਪ੍ਰੋਫ਼ੈਸਰ ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜਿਸ ਵਿਚ ਔਰਤਾਂ, ਗੱਭਰੂ ਤੇ ਮੁਟਿਆਰਾਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ ਨਵੀਂ ਸਵੇਰ ਦੇ ਆਗਾਜ਼ ਦਾ ਸੰਕੇਤ ਹੈ, ਪੰਜਾਬ ਨੇ ਕਰਵਟ ਲਈ ਹੈ। ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬੀ ਜੇ ਪੀ ਵਲੋਂ ਜਾਣ-ਬੁੱਝ ਕੇ ਵਿਚੋਲੀਏ, ਸਟਰੈਚਰ 'ਤੇ ਪੈ ਕੇ ਜਾਣਗੇ, ਧਮਕੀਆਂ ਅਤੇ ਗਾਲੀ ਗਲੋਚ ਵਾਲੀ ਭਾਸ਼ਾ ਵਰਤ ਕੇ ਹਿੰਸਾ ਭੜਕਾਉਣ ਦੀ ਸਿਰ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਕੋਝੀ ਚਾਲ ਨੂੰ ਸਫ਼ਲ ਨਹੀਂ ਹੋਣ ਦਿਤਾ ਜਾਵੇਗਾ।
ਐਡਵੋਕੇਟ ਅਮਰ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਖੇਤੀ ਤੇ ਕ੍ਰਿਤ ਕਾਨੂੰਨ, ਬਿਜਲੀ ਆਰਡੀਨੈਂਸ ਸਾਡੇ ਸੰਵਿਧਾਨ ਦੇ ਲਿਖਤ ਅਤੇ ਭਾਵਨਾ ਦੇ ਉਲਟ ਹੈ ਅਤੇ ਇਹ ਸੰਵਿਧਾਨ ਉਪਰ ਅਤੇ ਸਾਡੇ ਆਜ਼ਾਦੀ ਘੁਲਾਟੀਆਂ ਦੀ ਸੋਚ ਉਪਰ ਘਾਤਕ ਹਮਲਾ ਹੇ। ਤਰਸੇਮ ਜੋਧਾਂ ਸਾਬਕਾ ਐਮ.ਐਲ.ਏ. ਨੇ ਕਿਹਾ ਕਿ ਇਹ ਕਾਨੂੰਨ ਜਨ ਸਾਧਾਰਨ ਕਾਮਿਆਂ ਨੂੰ, ਆੜ੍ਹਤੀਆਂ ਨੂੰ, ਛੋਟੇ ਵਪਾਰੀਆਂ ਨੂੰ, ਰੇਹੜੀ ਰਿਕਸ਼ਾ ਵਾਲਿਆਂ ਨੂੰ, ਢੋਹਾ ਢੁਆਈ ਵਾਲਿਆਂ ਨੂੰ, ਦੁਕਾਨਾਂ ਤੇ ਢਾਬਿਆਂ ਵਾਲਿਆਂ ਨੂੰ ਤਬਾਹ ਕਰ ਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾ ਦੇਣਗੇ। ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ ਮਤਾ ਪੇਸ਼ ਕੀਤਾ ਕਿ ਵੱਖ ਕਿੱਤਿਆਂ ਦੇ ਵਿਅਕਤੀਆਂ ਦਾ ਇਹ ਇਕੱਠ ਸਿਆਸੀ ਅਤੇ ਧਾਰਮਕ ਵਖਰੇਵਿਆਂ ਤੋਂ ਉਪਰ ਉਠ ਕੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੰਦਾ ਹੋਇਆ ਕਿਸਾਨਾਂ ਦੀਆਂ ਅਤੇ ਪੰਜਾਬ ਦੀਆਂ ਸਮੱਸਿਆਵਾਂ ਬਾਬਤ ਹੋਰ ਗਹਿਣ ਵਿਚਾਰ ਕਰਨ ਵਾਸਤੇ ਗਿਆਨੀ ਕੇਵਲ ਸਿੰਘ ਨੂੰ ਇਕ ਕਮੇਟੀ ਗਠਨ ਕਰਨ ਲਈ ਕਹਿੰਦਾ ਹੈ।
ਇਸ ਸੰਮੇਲਨ ਵਿਚ ਐਡਵੋਕੇਟ ਜੁਗਿੰਦਰ ਸਿੰਘ ਤੂਰ, ਡਾ. ਮਨਮੋਹਨ ਸਿੰਘ, ਆਈ.ਏ.ਐਸ. ਰਿਟਾਇਰਡ, ਐਡਵੋਕੇਟ ਰਾਜੀਵ ਗੋਦਾਰਾ, ਡਾ. ਖੁਸ਼ਹਾਲ ਸਿੰਘ, ਕਰਨੈਲ ਸਿੰਘ ਜਖੇਪਲ ਆਈ.ਡੀ.ਪੀ., ਪ੍ਰੋ. ਕੁਲਦੀਪ ਪੁਰੀ, ਪ੍ਰੋ. ਅਜਮੇਰ ਸਿੰਘ, ਡਾ. ਪਰਮਜੀਤ ਸਿੰਘ ਆਦਿ ਸ਼ਾਮਲ ਹੋਏ। ਗਿਆਨੀ ਕੇਵਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਦੇਸ਼ ਵਿਚ ਫ਼ੈਡਰਲ ਢਾਂਚੇ ਉਪਰ ਘਾਤਕ ਹਮਲਾ ਹੈ, ਕਿਸਾਨਾਂ ਦੇ ਅੰਦੋਲਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਸਤੀਫ਼ਾ ਦੇਣ ਵਾਸਤੇ ਅਤੇ ਐਨ ਡੀ ਏ ਨਾਲੋਂ ਨਾਤਾ ਤੋੜਨ ਵਾਸਤੇ ਮਜਬੂਰ ਕਰ ਦਿਤਾ। ਪੰਜਾਬ ਦੀ ਕੈਪਟਨ ਸਰਕਾਰ ਨੂੰ ਮਜਬੂਰ ਕਰ ਦਿਤਾ ਕਿ ਉਹ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕੇਂਦਰੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਉਨ੍ਹਾਂ ਕਿਹਾ ਬੇਸ਼ੱਕ ਪੰਜਾਬ ਵਲੋਂ ਕੀਤੀਆਂ ਤਰਮੀਮਾਂ ਕਈ ਪੱਖਾਂ ਤੋਂ ਕਮਜ਼ੋਰ ਹਨ ਪਰ ਇਹ ਸਾਰੀਆਂ ਤਰਮੀਮਾਂ ਕੇਂਦਰਵਾਦੀ ਰੁਚੀਆਂ ਅਤੇ ਕਾਨੂੰਨਾਂ ਵਿਰੁਧ ਜਾ ਕੇ ਸੂਬਿਆਂ ਦੇ ਅਧਿਕਾਰ ਜਤਾਉਣ ਵਾਲੀਆਂ ਹਨ। ਇਸੇ ਦਬਾਅ ਸਦਕਾ ਹੁਣ ਰਾਜਸਥਾਨ, ਛੱਤੀਸਗੜ੍ਹ ਅਤੇ ਦਿੱਲੀ ਸਰਕਾਰ ਨੇ ਵੀ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਮਤੇ ਪਾਸ ਕਰਨ ਦੇ ਐਲਾਨ ਕੀਤੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਬਚਾਉ ਕਾਫ਼ਲਾ ਨਵੰਬਰ ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ।