
ਮੋਤੀ-ਮਹਿਲ ਨੂੰ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ
ਪਟਿਆਲਾ, 25 ਅਕਤੂਬਰ (ਤੇਜਿੰਦਰ ਫ਼ਤਿਹਪੁਰ) : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਡੀਪੀਈ (873) ਅਧਿਆਪਕ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਇਥੇ ਮੋਤੀ-ਮਹਿਲ ਦੇ ਘਿਰਾਉ ਸਮੇਂ ਜ਼ਬਰਦਸਤ ਰੋਸ-ਪ੍ਰਦਰਸ਼ਨ ਹੋਇਆ। ਮਹਿਲ ਦੇ ਦਰਵਾਜ਼ੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਪੁਤਲੇ ਫੂਕਣ ਦੀ ਜ਼ਿੱਦ 'ਤੇ ਅੜੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਕਾਫ਼ੀ ਧੱਕਾ-ਮੁੱਕੀ ਹੋਈ। ਇਥੋਂ ਤਕ ਕਿ ਮਹਿਲਾਵਾਂ ਨੂੰ ਗੁੱਤਾਂ ਤੋਂ ਫੜਕੇ ਘੜੀਸਿਆ ਗਿਆ।
ਆਖ਼ਰ ਬੇਰੁਜ਼ਗਾਰ ਅਧਿਆਪਕਾਂ ਵਲੋਂ ਪੁਤਲੇ ਫੂਕੇ ਜਾਣ ਉਪਰੰਤ ਮਾਮਲਾ ਸ਼ਾਂਤ ਹੋਇਆ ਅਤੇ ਪ੍ਰਸ਼ਾਸਨ ਵਲੋਂ ਦੋਹਾਂ ਯੂਨੀਅਨਾਂ-ਬੇਰੁਜ਼ਗਾਰ ਡੀਪੀਈ (873) ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਮੁੱਖ-ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 27 ਅਕਤੂਬਰ ਦੀ ਪੈੱਨਲ-ਮੀਟਿੰਗ ਤੈਅ ਕਰਵਾਈ ਗਈ। ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ 873 ਅਸਾਮੀਆਂ ਵਿਚ ਉਮਰ ਹੱਦ ਵਿਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕਰਨ ਦੀ ਗੱਲ ਕੀਤੀ।
ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਕ ਸਿਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂ ਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਵਿਚ ਵਾਧਾ ਕਰਨ, ਰਹਿੰਦੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿਤੀ ਹੈ। ਇਸ ਮੌਕੇ ਦੋਹਾਂ ਯੂਨੀਅਨਾਂ ਦੇ ਪ੍ਰਮੁੱਖ ਆਗੂਆਂ ਵਿਚੋਂ ਹਰਬੰਸ ਸਿੰਘ ਬਰਨਾਲਾ, ਨਵੀਨ ਗੁਰਦਾਸਪੁਰ, ਹਰਦੀਪ ਪਾਤੜਾਂ, ਦਿਲਬਾਗ ਲੰਬੀ, ਰਣਬੀਰ ਨਦਾਮਪੁਰ, ਗੁਰਮੇਲ ਬਰਗਾੜੀ, ਕੁਲਵਿੰਦਰ ਜਗਰਾਉਂ, ਬਲਕਾਰ ਮੰਘਾਣੀਆਂ, ਤਜਿੰਦਰ ਸਿੰਘ ਮਾਨਾਂਵਾਲਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਨੌਜਵਾਨ ਆਗੂ ਨਵਕਿਰਨ ਪੱਤੀ ਅਤੇ ਕਿਸਾਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਵੀ ਹਾਜ਼ਰ ਸਨ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰimageਦਰ ਸਿੰਘ ਸਿੱਧੂਵਾਲ ਵਿਖੇ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਕਿ ਨਗਰ ਨਿਗਮ ਲਈ ਰਵਾਨਾ ਹੋਏ ਤਾਂ ਡੀਪੀਆਈ ਬੇਰੁਜ਼ਗਾਰ ਯੂਨੀਅਨ ਨੇ ਮਾਲ ਰੋਡ ਤੋਂ ਫੁਹਾਰਾ ਚੌਕ ਲਈ ਚਾਲੇ ਪਾ ਦਿਤਾ ਜਿਨ੍ਹਾਂ ਨੂੰ ਪੁਲਿਸ ਨੇ ਮਾਲ ਰੋਡ 'ਤੇ ਰੋਕ ਲਿਆ। ਇਸ ਦੌਰਾਨ ਇਨ੍ਹਾਂ ਬੇਰੁਜ਼ਗਾਰਾਂ ਨੇ ਪੁਲਿਸ ਨੂੰ ਚਕਮਾ ਦੇ ਕੇ ਛੋਟੀ ਬਾਰਾਂਦਰੀ ਵਿਚੋਂ ਦੀ ਹੋ ਕਿ ਨਾਭਾ ਗੇਟ ਵਲ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਤੁਰਤ ਪੁਲਿਸ ਨੇ ਹਰਕਤ ਵਿਚ ਆ ਕੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਸੰਡੇ ਮਾਰਕੀਟ ਬਾਰਾਂਦਰੀ ਵਿਖੇ ਡੱਕ ਲਿਆ ਅਤੇ ਮੁੱਖ ਮੰਤਰੀ ਦੇ ਸਮਾਗਮ ਸਮਾਪਤ ਹੋਣ ਤਕ ਉਥੇ ਹੀ ਡੱਕ ਕੇ ਰਖਿਆ।
ਫੋਟੋ ਨੰ: 25 ਪੀਏਟੀ 6
ਫੋਟੋ ਨੰ: 25 ਪੀਏਟੀ 5