ਕੋਵਿਡ-19 ਵੈਕਸੀਨ ਪ੍ਰਾਪਤ ਕਰਨ ਵਾਲੇ ਸਾਰੇ ਲਾਭਪਾਤਰੀਆਂ ਦੀ ਵਿਅਕਤੀਗਤ ਤੌਰ 'ਤੇ ਟਰੈਕਿੰਗ ਕੀਤੀ ਜਾਵੇਗੀ।
ਚੰਡੀਗੜ੍ਹ: ਸੂਬਾ ਪੱਧਰੀ ਸੰਚਾਲਨ ਕਮੇਟੀ ਤੇਜ਼ੀ ਨਾਲ ਕੋਵਿਡ-19 ਵੈਕਸੀਨ ਲਈ ਡਿਜੀਟਲ ਪਲੇਟਫਾਰਮ 'ਤੇ ਅੰਕੜੇ ਇਕੱਤਰ ਕਰਨ ਅਤੇ ਅਪਲੋਡ ਕਰਨ ਸੰਬੰਧੀ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੀ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸੂਬਿਆਂ ਅਤੇ ਯੂ.ਟੀ. ਨੂੰ ਹੈਲਥ ਕੇਅਰ ਵਰਕਰਾਂ ਦਾ ਡਾਟਾਬੇਸ ਤਿਆਰ ਕਰਨ ਅਤੇ ਇਸ ਨੂੰ ਮੰਤਰਾਲੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਕੇਂਦਰੀ ਅਦਾਰੇ ਵੱਖਰੇ ਤੌਰ 'ਤੇ ਲਾਈਨ ਲਿਸਟਿੰਗ ਜਮ੍ਹਾਂ ਕਰਵਾਉਣਗੇ ਅਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਜ਼ੋਰਾਂ 'ਤੇ ਹੈ।
ਕੋਵਿਡ-19 ਵੈਕਸੀਨ ਜਲਦ ਆਉਣ ਦੀ ਉਦੀਮ ਜਤਾਉਂਦਿਆਂ ਭਾਰਤ ਸਰਕਾਰ ਵਲੋਂ ਦੇਸ਼ ਭਰ ਵਿਚ ਇਸ ਸਬੰਧੀ ਸ਼ੁਰੂਆਤੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਵੈਕਸੀਨ ਉਪਲਬਧ ਹੋਣ 'ਤੇ ਇਸ ਨੂੰ ਜਲਦ ਜਾਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ 450 ਤੋਂ ਵੱਧ ਭਾਗੀਦਾਰਾਂ ਨੂੰ ਡਾਟਾ ਜਮ੍ਹਾ ਕਰਨ, ਜ਼ਰੂਰੀ ਫਾਰਮੈਟ ਸੇਵਿੰਗ, ਸੰਗ੍ਰਹਿ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਡਾਟਾ ਅਪਲੋਡ ਕਰਨ ਸੰਬੰਧੀ ਸਿਖਲਾਈ ਦਿੱਤੀ ਗਈ ਹੈ। ਆਈ.ਐਮ.ਏ, ਐਨ.ਈ.ਈ.ਐਮ.ਏ., ਆਈ.ਡੀ.ਏ. ਵਰਗੀਆਂ ਡਾਕਟਰਾਂ ਦੀਆਂ ਪੇਸ਼ੇਵਰ ਸੰਸਥਾਵਾਂ ਨੂੰ ਵੀ ਨਿਰਧਾਰਤ ਫਾਰਮੈਟ ਵਿੱਚ ਅੰਕੜੇ ਸਾਂਝੇ ਕਰਨ ਲਈ ਕਿਹਾ ਗਿਆ ਹੈ। ਸਾਰੇ ਜ਼ਿਲ੍ਹਿਆਂ ਨੂੰ ਡਾਟਾ ਜਮ੍ਹਾ ਕਰਨ ਸਬੰਧੀ ਦਿਸ਼ਾ ਨਿਰਦੇਸ਼ ਅਤੇ ਜ਼ਰੂਰੀ ਟੈਂਪਲੇਟ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਵੈਕਸੀਨ ਮੁਹਿੰਮ ਦੀ ਵਿਸਥਾਰਤ ਅਮਲ ਯੋਜਨਾ ਅਨੁਸਾਰ ਫਰੰਟ ਲਾਈਨ ਵਰਕਰਾਂ ਦੀ ਪਛਾਣ, ਡਿਜੀਟਲ ਪਲੇਟਫਾਰਮ ਦੀ ਮੁੜ ਦਰਜਾਬੰਦੀ, ਨਾਨ-ਵੈਕਸੀਨ ਸਪਲਾਈ ਦੀ ਲੌਜਿਸਟਿਕਸ, ਕੋਲਡ ਚੇਨ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ. ਸਿੱਧੂ ਨੇ ਕਿਹਾ ਕਿ ਕੋਵਿਡ ਵਾਰੀਅਰਜ਼ ਨੂੰ ਲੈਸ ਕਰਨ ਲਈ, ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ -19 ਵੈਕਸੀਨ ਤਰਜੀਹ ਆਧਾਰ 'ਤੇ ਦਿੱਤੀ ਜਾ ਸਕਦੀ ਹੈ। ਨੀਤੀਗਤ ਪੱਧਰ ਦੇ ਫ਼ੈਸਲੇ ਹੋਰਨਾਂ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਵਾਲੇ ਲਾਭਪਾਤਰੀ ਸਮੂਹਾਂ ਦੀ ਪਛਾਣ ਕਰਨ ਲਈ ਲਏ ਜਾਣਗੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਇੱਕ ਮੀਟਿੰਗ ਹੋਈ, ਜਿੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਹਤ ਸੰਭਾਲ ਕਰਮਚਾਰੀ (ਐਚ.ਸੀ.ਡਬਲਯੂ) ਨੂੰ “ਦੋਵੇਂ ਸਰਕਾਰੀ ਅਤੇ ਨਿੱਜੀ ਖੇਤਰਾਂ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਲੱਗੇ ਹੋਰ ਕਰਮਚਾਰੀਆਂ ਨੂੰ ਸਿਹਤ ਸੰਭਾਲ ਸੇਵਾ ਦਾਤਾ” ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਫੈਕਲਟੀ ਇੰਚਾਰਜਾਂ ਦੁਆਰਾ ਡਾਟਾ ਨਿਰਧਾਰਤ ਫਾਰਮੈਟ ਵਿੱਚ ਭਰਿਆ ਜਾਵੇਗਾ ਅਤੇ ਜ਼ਿਲ੍ਹਾ ਸਿਵਲ ਸਰਜਨ ਦਫ਼ਤਰ ਵਿੱਚ ਜਮ੍ਹਾ ਹੋਵੇਗਾ। ਇਸ ਤੋਂ ਬਾਅਦ, ਇਹ ਕੋਵਿਡ-19 ਵੈਕਸੀਨ ਲਾਭਪਾਤਰੀ ਪ੍ਰਬੰਧਨ ਪ੍ਰਣਾਲੀ (ਸੀ.ਵੀ.ਬੀ.ਐਮ.ਐਸ.) 'ਤੇ ਅਪਲੋਡ ਕੀਤਾ ਜਾਵੇਗਾ, ਜਿਸ ਵਿਚ ਕੋਵਿਡ-19 ਵੈਕਸੀਨ ਪ੍ਰਾਪਤ ਕਰਨ ਵਾਲੇ ਸਾਰੇ ਲਾਭਪਾਤਰੀਆਂ ਦੀ ਵਿਅਕਤੀਗਤ ਤੌਰ 'ਤੇ ਟਰੈਕਿੰਗ ਕੀਤੀ ਜਾਵੇਗੀ।
ਉਹਨਾਂ ਸਪੱਸ਼ਟ ਕੀਤਾ ਕਿ ਪਹਿਲੇ ਪੜਾਅ ਤਹਿਤ ਟੀਕਾਕਰਨ ਲਈ ਸਿਰਫ਼ ਸਿਹਤ ਸੰਭਾਲ ਕਰਮਚਾਰੀ ਦੇ ਵੇਰਵੇ ਹੀ ਲਏ ਜਾ ਰਹੇ ਹਨ, ਉਨ੍ਹਾਂ ਦੇ ਪਰਿਵਾਰ ਦੇ ਵੇਰਵੇ ਜਮ੍ਹਾ ਨਹੀਂ ਕੀਤੇ ਜਾਂਦੇ। ਈਵੀਆਈਐਨ ਨੈਟਵਰਕ, ਜੋ ਕਿ ਵੈਕਸੀਨ ਦੇ ਸਟਾਕ ਦੀ ਤਾਜ਼ਾ ਸਥਿਤੀ, ਸਟੋਰੇਜ ਸਮੇਂ ਦਾ ਤਾਪਮਾਨ, ਜੀਓ-ਟੈਗ ਸਿਹਤ ਕੇਂਦਰਾਂ ਅਤੇ ਫੈਕਿਲਟੀ-ਪੱਧਰ ਡੈਸ਼ਬੋਰਡ ਨੂੰ ਬਰਕਰਾਰ ਰੱਖਦਾ ਹੈ, ਨੂੰ ਕੋਵਿਡ ਵੈਕਸੀਨ ਦੀ ਡਿਲਵਰੀ ਲਈ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ। ਆਪਣੀਆਂ ਸਬੰਧਤ ਸਹੂਲਤਾਂ ਵਿੱਚ ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਦੋਵਾਂ ਸਹੂਲਤਾਂ ਦੇ ਫੈਕਿਲਟੀ ਇੰਚਾਰਜ ਐਚਸੀਡਬਲਯੂਜ਼ ਦਾ ਡਾਟਾ ਇਕੱਠਾ ਕਰਨ ਲਈ ਜ਼ਿੰਮੇਵਾਰ ਹੋਣਗੇ।
ਸਾਰੇ ਮੈਡੀਕਲ ਕਾਲਜ, ਸੁਪਰ ਸਪੈਸ਼ਲਿਟੀ ਹਸਪਤਾਲ, ਹਸਪਤਾਲ (ਹਰ ਪੱਧਰ 'ਤੇ), ਕਮਿਊਨਿਟੀ ਸਿਹਤ ਕੇਂਦਰ, ਪ੍ਰਾਇਮਰੀ ਸਿਹਤ ਕੇਂਦਰ, ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ, ਸਿਹਤ ਅਤੇ ਤੰਦਰੁਸਤੀ ਕੇਂਦਰ, ਕੈਂਸਰ ਸੰਸਥਾਵਾਂ ਅਤੇ ਹਸਪਤਾਲ, ਟੀ ਬੀ ਹਸਪਤਾਲ ਅਤੇ ਕਲੀਨਿਕ, ਡਿਸਪੈਂਸਰੀਆਂ ਆਦਿ ਦੇ ਨਾਲ ਨਾਲ ਕਾਰਪੋਰੇਟ ਹਸਪਤਾਲ, ਪ੍ਰਾਈਵੇਟ ਮੈਡੀਕਲ ਕਾਲਜ, ਨਰਸਿੰਗ ਹੋਮਜ਼, ਕਲੀਨਿਕ/ ਡੇ ਓਪੀਡੀਜ਼, ਪੌਲੀਕਲੀਨਿਕਸ, ਐਨਜੀਓ ਸਹੂਲਤਾਂ ਆਦਿ ਟੀਕਾਕਰਨ ਲਈ ਸ਼ਾਮਲ ਕੀਤੇ ਜਾਣਗੇ।