
ਸਰਫੇਸ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਦੇ ਹੋਏ 3 ਕਿਲੋਮੀਟਰ ਲੰਮਾ ਰਸਤਾ...
ਗੁਰਦਾਸਪੁਰ (ਸਸਸ) : ਸਰਫੇਸ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਦੇ ਹੋਏ 3 ਕਿਲੋਮੀਟਰ ਲੰਮਾ ਰਸਤਾ ਬਣਾਉਣ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਉਪਰਾਸ਼ਟਰਪਤੀ ਵੈਂਕੱਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਪਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਕਿਹਾ ਕਿ ਲਾਂਘਾ ਸ਼ੁਰੂ ਹੋਣ ਨਾਲ ਨਵੀਂਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਅਤੇ ਨਾਲ ਹੀ ਪੁਰਾਣੀਆਂ ਦਰਾਰਾਂ ਨੂੰ ਭਰਿਆ ਵੀ ਜਾ ਸਕੇਂਗਾ।
ਇਹ ਲਾਂਘਾ ਸਾਨੂੰ ਪ੍ਰੋਤਸਾਹਿਤ ਕਰੇਗਾ। ਦੋ ਪਰਵਾਰਾਂ ਦੇ ਮੈਬਰਾਂ ਦੇ ਵਿਚ ਦੂਰੀਆਂ ਘੱਟ ਹੋਣਗੀਆਂ ਅਤੇ ਜ਼ਖ਼ਮਾਂ ‘ਤੇ ਮਲ੍ਹਮ ਲੱਗੇਗੀ। ਉਥੇ ਹੀ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਚਾਰ ਮਹੀਨੇ ਵਿਚ ਹੀ ਇਸ ਪ੍ਰੋਜੈਕਟ ਨੂੰ ਪੂਰਾ ਕਰ ਦੇਵੇਗੀ। ਇਸ ਦੌਰਾਨ ਨੀਂਹ ਪੱਥਰ ਸਮਾਰੋਹ ਵਿਚ ਜਮ ਕੇ ਰਾਜਨੀਤੀ ਹੋਈ ਅਤੇ ਸਿਆਸੀ ਤੀਰ ਚਲੇ। ਕੈਪਟਨ ਨੇ ਜਿੱਥੇ ਪਾਕਿ ਆਰਮੀ ਚੀਫ਼ ਬਾਜਵਾ ਨੂੰ ਚਿਤਾਵਨੀ ਦਿਤੀ ਉਥੇ ਹੀ ਕਿਹਾ ਕਿ ਉਹ ਪਹਿਲੇ ਦਿਨ ਪਹਿਲਾਂ ਜੱਥੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।
ਇਸ ਦੌਰਾਨ ਪੰਜਾਬ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਪੁਰੀ, ਰਾਜਪਾਲ ਵੀਪੀ ਸਿੰਘ ਬਦਨੌਰ, ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਪੰਜਾਬ ਦੇ ਤਮਾਮ ਮੰਤਰੀ ਅਤੇ ਵਿਧਾਇਕ ਸ਼ਰੀਕ ਹੋਏ। ਗਡਕਰੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਲਾਂਘੇ ਦੇ ਨਿਰਮਾਣ ਨਾਲ ਪੰਜਾਬ ਦੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਕੇਂਦਰ ਸਰਕਾਰ ਵਲੋਂ ਏਅਰਪੋਰਟ ਤੱਕ ਸੜਕਾਂ ਦੀ ਉਸਾਰੀ ਕਰਵਾਈ ਜਾਵੇਗਾ, ਜਿਸ ਉਤੇ 150 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਇਸ ਦੇ ਲਈ ਚੰਗੇ ਆਰਕੀਟੈਕਟ ਨੂੰ ਲਿਆ ਜਾ ਰਿਹਾ ਹੈ। ਗਡਕਰੀ ਨੇ ਕਿਹਾ ਕਿ ਉਹ ਪੰਜਾਬ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਰਹਿੰਦੇ ਹਨ। ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਕੈਪਟਨ ਨੇ ਕਿਹਾ ਕਿ ਕੁੱਝ ਲੋਕ ਫੇਸਬੁੱਕ ਅਤੇ ਸੋਸ਼ਲ ਮੀਡੀਆ ‘ਤੇ ਗੁਰਮਾਹ ਕਰ ਰਹੇ ਹਨ ਕਿ ਲਾਂਘੇ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਵੀਜ਼ਾ ਚਾਹੀਦਾ ਹੈ ਪਰ ਇਹ ਸੱਚ ਨਹੀਂ ਹੈ।
ਲਾਂਘੇ ਦਾ ਮਤਲਬ ਹੁੰਦਾ ਹੈ ਲੋਕ ਬਿਨਾਂ ਵੀਜ਼ੇ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਮੱਥਾ ਟੇਕ ਸਕਣਗੇ। ਇਸ ਦੌਰਾਨ ਕੈਪਟਨ ਨੇ ਆਰਮੀ ਚੀਫ਼ ਬਾਜਵਾ ਨੂੰ ਸਖ਼ਤ ਚਿਤਾਵਨੀ ਦਿਤੀ ਕਿ ਉਹ ਅਪਣੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਭਾਰਤੀ ਫ਼ੌਜ ਨੂੰ ਉਸ ਨਾਲ ਨਿੱਬੜਨਾ ਆਉਂਦਾ ਹੈ। ਇਸ ਦੌਰਾਨ ਇਲਾਕੇ ਦੇ ਸਾਂਸਦ ਸੁਨੀਲ ਜਾਖੜ ਨੇ ਆਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।