
ਪੰਜਾਬ ਵਿਚ ਹੀ ਚਲਦਾ ਰਹੇਗਾ ਬਰਗਾੜੀ ਬੇਅਦਬੀ ਕੇਸ
ਸੁਪਰੀਮ ਕੋਰਟ ਵਲੋਂ ਸੂਬੇ ਤੋਂ ਬਾਹਰ ਤਬਦੀਲ ਕਰਨ ਸਬੰਧੀ ਪਟੀਸ਼ਨ ਖ਼ਾਰਜ
ਚੰਡੀਗੜ੍ਹ, 25 ਨਵੰਬਰ (ਨੀਲ ਭਲਿੰਦਰ ਸਿੰਘ): ਸਾਲ 2015 ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦਰਜ ਕੇਸਾਂ ਦੀ ਸੁਣਵਾਈ ਪਹਿਲਾਂ ਵਾਂਗ ਪੰਜਾਬ ਵਿਚ ਹੀ ਜਾਰੀ ਰਹੇਗੀ।
ਸੁਪਰੀਮ ਕੋਰਟ ਨੇ ਬੁਧਵਾਰ ਨੂੰ ਇਹ ਕੇਸ ਪੰਜਾਬ ਤੋਂ ਬਾਹਰ ਲਿਜਾਏ ਜਾਣ ਦੀ ਬੇਨਤੀ ਠੁਕਰਾ ਦਿਤੀ ਹੈ। ਇਸ ਸੰਬੰਧੀ ਪਟੀਸ਼ਨ ਇਸ ਮਾਮਲੇ ਨਾਲ ਜੁੜੇ ਜਤਿੰਦਰਵੀਰ ਅਰੋੜਾ ਸਣੇ ਛੇ ਮੁਲਜ਼ਮਾਂ ਵਲੋਂ ਪਾਈ ਗਈ ਸੀ ਜਿਨ੍ਹਾਂ ਨੂੰ ਐਸ.ਆਈ.ਟੀ. ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਮੁੜ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰੇ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਪਟੀਸ਼ਨ ਨੂੰ ਅੱਜ ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਬੈਂਚ ਵਲੋਂ ਖ਼ਾਰਜ ਕਰਦਿਆਂ ਇਸ ਕੇਸ ਦੀ ਸੁਣਵਾਈ ਕਰ ਰਹੀ 'ਟਰਾਇਲ ਕੋਰਟ' ਨੂੰ ਇਹ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਵਿਚ ਅਜ਼ਾਦਾਨਾ ਅਤੇ ਨਿਆਂਪੂਰਨ ਤਰੀਕੇ ਨਾਲ ਸੁਣਵਾਈ ਕਰੇ।
ਯਾਦ ਰਹੇ ਕਿ ਇਸ ਮਾਮਲੇ ਵਿਚ 8 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਹੀ 6 ਨੇ ਪੰਜਾਬ ਵਿੱਚ ਸੁਣਵਾਈ ਦੌਰਾਨ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਲਈ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਜਸਟਿਸ ਆਰ.ਐਫ. ਨਾਰੀਮਨ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਬੈਂਚ ਨੇ ਲੰਘੀ 20 ਫ਼ਰਵਰੀ ਨੂੰ ਸੀ.ਬੀ.ਆਈ. ਦੀ ਉਹ ਪਟੀਸ਼ਨ ਵੀ ਖ਼ਾਰਜ ਕਰ ਦਿੱਤੀ ਸੀ ਜਿਸ ਵਿੱਚ 2019 ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਦੇ ਖਿਲਾਫ਼ ਰਾਹਤ ਦੀ ਬੇਨਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ.ਬੀ.ਆਈ. ਤੋਂ ਇਹ ਕੇਸimage ਵਾਪਸ ਲੈਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ।