
ਸੁਖਪਾਲ ਖਹਿਰਾ ਨੂੰ ਹਾਈ ਕੋਰਟ ਤੋਂ ਮਿਲੀ ਪੱਕੀ ਜ਼ਮਾਨਤ
ਦੋਹਰੀ ਰਾਹਤ ਮਿਲੀ ਹੈ ਖਹਿਰਾ ਨੂੰ , ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਕਾਗ਼ਜ਼ ਭਰਨ ਦੀ ਦਿਤੀ ਸੀ ਆਗਿਆ
ਚੰਡੀਗੜ੍ਹ, 27 ਜਨਵਰੀ (ਭੁੱਲਰ): ਮਨੀ ਲਾਂਡਰਿੰਗ ਦੇ ਸਬੰਧ ਵਿਚ ਦਰਜ ਕੇਸ ਨੂੰ ਲੈ ਕੇ ਪਟਿਆਲਾ ਜੇਲ ਵਿਚ ਬੰਦ ਕਾਂਗਰਸ ਦੇ ਭੁਲੱਥ ਹਲਕੇ ਤੋਂ ਐਲਾਨੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਚੋਣ ਨਾਮਜ਼ਦਗੀਆਂ ਦੇ ਚਲਦੇ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ |
ਹੇਠਲੀ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਹਾਈ ਕੋਰਟ ਦਾ ਰੁਖ਼ ਕੀਤਾ ਸੀ | ਖਹਿਰਾ ਨੂੰ ਦੋਹਰੀ ਰਾਹਤ ਮਿਲੀ ਹੈ | ਇਸ ਤੋਂ ਪਹਿਲਾਂ ਹੇਠਲੀ ਅਦਾਲਤ ਵਿਚ ਉਨ੍ਹਾਂ ਵਲੋਂ ਕਾਗ਼ਜ਼ ਭਰਨ ਲਈ ਪਾਈ ਪਟੀਸ਼ਨ 'ਤੇ ਵੀ ਅਦਾਲਤ ਨੇ 31 ਜਨਵਰੀ ਜਾਂ 1 ਫ਼ਰਵਰੀ ਨੂੰ ਕਾਗ਼ਜ਼ ਭਰਨ ਦੀ ਆਗਿਆ ਦਿੰਦਿਆਂ ਪੁਲਿਸ ਨੂੰ ਨਿਰਦੇਸ਼ ਦਿਤੇ ਸਨ | ਹੁਣ ਹਾਈ ਕੋਰਟ ਤੋਂ ਪੱਕੀ ਜ਼ਮਾਨਤ ਮਿਲਣ ਬਾਅਦ ਚੋਣ ਮੁਹਿੰਮ ਵਿਚ ਜਾਣ ਦਾ ਵੀ ਖਹਿਰਾ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ |
ਅੱਜ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਨੇ ਖਹਿਰਾ ਨੂੰ ਸਥਾਈ ਜ਼ਮਾਨਤ ਦਿੰਦੇ ਹੋਏ ਕੁੱਝ ਸ਼ਰਤਾਂ ਵੀ ਲਾਈਆਂ ਹਨ | ਜ਼ਿਕਰਯੋਗ ਹੈ ਕਿ ਕੇਸ ਦਰਜ ਹੋਣ ਬਾਅਦ ਈ.ਡੀ. ਵਲੋਂ ਪਿਛਲੇ ਸਾਲ ਦੌਰਾਨ 11 ਨਵੰਬਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਹਫ਼ਤੇ ਚਾਰਜਸ਼ੀਟ ਵੀ ਦਾਇਰ ਕਰ ਦਿਤੀ ਗਈ ਸੀ | ਖਹਿਰਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਵਿਚ ਦਿੱਲੀ ਪੁਲਿਸ ਵਿਰੁਧ ਆਵਾਜ਼ ਉਠਾਉਣ ਕਾਰਨ ਕੇਂਦਰ ਸਰਕਾਰ ਉਪਰ ਬਦਲੇ ਦੀ ਕਾਰਵਾਈ ਦੇ ਦੋਸ਼ ਲਾਏ ਗਏ ਸਨ | ਖਹਿਰਾ ਦੇ ਕੇਸ ਦੀ ਪੈਰਵੀ ਉਨ੍ਹਾਂ ਦੇ ਪੁੱਤਰ ਮਹਿਤਾਬ ਖਹਿਰਾ ਖ਼ੁਦ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਖਹਿਰਾ ਦੀ ਗ਼ੈਰ ਹਾਜ਼ਰੀ ਵਿਚ ਭੁਲੱਥ ਹਲਕੇ ਵਿਚ ਮਹਿਤਾਬ ਨੇ ਹੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਰੱਖੀ ਹੈ | ਖਹਿਰਾ ਦਾ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨਾਲ ਹੈ |