
ਸੱਤਾ ਹਥਿਆਉਣ ਲਈ ‘ਵਿਵਾਦਤ ਅਰਦਾਸ’ ਰਾਹੀਂ ਫ਼ਿਰਕੂ ਦੰਗੇ ਕਰਵਾਉਣਾ ਚਾਹੁੰਦੀ ਸੀ ਭਾਜਪਾ: ਬਾਬਾ ਹਰਦੀਪ ਸਿੰਘ
ਬਠਿੰਡਾ, 26 ਮਈ (ਬਲਵਿੰਦਰ ਸ਼ਰਮਾ): ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਬਾ ਹਰਦੀਪ ਸਿੰਘ ਮਹਿਰਾਜ ਸੀਨੀਅਰ ਮੀਤ ਪ੍ਰਧਾਨ ਦਲ ਖ਼ਾਲਸਾ ਨੇ ਕਿਹਾ ਕਿ ਪਿੰਡ ਬੀੜ ਤਲਾਬ ’ਚ ਹੋਈ ‘ਵਿਵਾਦਤ ਅਰਦਾਸ’ ਭਾਜਪਾ ਦੀ ਹੀ ਸਾਜ਼ਸ਼ ਸੀ ਜੋ ਕਿ ਸੱਤਾ ਹਥਿਆਉਣ ਖ਼ਾਤਰ ਪੰਜਾਬ ’ਚ ਫ਼ਿਰਕੂ ਦੰਗੇ ਭੜਕਾਉਣਾ ਚਾਹੁੰਦੀ ਸੀ।
ਉਨ੍ਹਾਂ ਅੱਗੇ ਦਸਿਆ ਕਿ ਸਿੱਖ ਜਥੇਬੰਦੀਆਂ ਦੀ 5 ਮੈਂਬਰੀ ਕਮੇਟੀ ਵਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਜਿਸ ਵਿਚ ਆਡੀਉ, ਵੀਡੀਉ ਅਤੇ ਸਬੰਧਤ ਵਿਅਕਤੀਆਂ ਦੇ ਬਿਆਨਾਂ ਨੂੰ ਦਰਜ ਕੀਤਾ ਗਿਆ ਹੈ। ਰੀਪੋਰਟ ਅਨੁਸਾਰ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਸਾਜ਼ਸ਼ ਦਾ ਮੁੱਖ ਸੂਤਰਧਾਰ ਹੈ। ਸਰਾਂ ਨੇ ਗੁਰਮੇਲ ਸਿੰਘ ਖ਼ਾਲਸਾ ਨੂੰ ਪੈਸੇ ਆਦਿ ਦੇ ਕੇ ਵਿਵਾਦਤ ਅਰਦਾਸ ਲਈ ਤਿਆਰ ਕੀਤਾ। ਫਿਰ ਮਿਥੇ ਸਮੇਂ ’ਤੇ ਗੁਰਮੇਲ ਸਿੰਘ ਖ਼ਾਲਸਾ ਤੋਂ ਗੁਰਦਵਾਰਾ ਸਾਹਿਬ ’ਚ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਦੀ ਰਿਹਾਈ ਖ਼ਾਤਰ ਅਰਦਾਸ ਕਰਵਾਈ ਗਈ। ਵੀਡੀਉ ਬਣਾ ਕੇ ਵਾਇਰਲ ਵੀ ਕੀਤੀ ਗਈ ਜਿਸ ਦਾ ਮੰਤਵ ਪੰਜਾਬ ’ਚ ਦਲਿਤਾਂ ਅਤੇ ਜਨਰਲ ਕੈਟਾਗਿਰੀਜ਼ ਨੂੰ ਆਪਸ ਵਿਚ ਲੜਵਾਇਆ ਜਾ ਸਕੇ। ਸੂਬੇ ’ਚ ਅਕਸ ਗੁਆ ਚੁੱਕੀ ਭਾਜਪਾ ਹੁਣ ਘਟੀਆ ਚਾਲਾਂ ਚਲ ਕੇ ਦੰਗੇ ਕਰਵਾਉਣ ਦੀ ਆੜ ਵਿਚ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਸਰਾਂ ਜਿਹੇ ਮੁਲਜ਼ਮਾਂ ਵਿਰੁਧ ਤੁਰਤ ਮੁਕੱਦਮਾ ਦਰਜ ਕੀਤਾ ਜਾਵੇ।
ਇਸ ਮੌਕੇ ਜਾਂਚ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਕੋਟਭਾਰਾ, ਸਿਮਰਨਜੋਤ ਸਿੰਘ ਖਾਲਸਾ, ਸੁਖਪਾਲ ਸਿੰਘ ਪਾਲਾ ਬਾਬਾ, ਹਰਜੀਤ ਸਿੰਘ ਤੋਂ ਇਲਾਵਾ ਦਲ ਖ਼ਾਲਸਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਸੁਖਦੇਵ ਸਿੰਘ ਕਾਲਾ, ਸਿੱਖ ਯੂਥ ਆਫ ਪੰਜਾਬ ਦੇ ਭਾਈ ਹਰਪ੍ਰੀਤ ਸਿੰਘ ਖਾਲਸਾ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਤੋਂ ਰਾਜਵਿੰਦਰ ਸਿੰਘ ਰਾਏਖਾਨਾ, ਚਰਨਪ੍ਰੀਤ ਸਿੰਘ ਚਰਨੀ ਆਦਿ ਵੀ ਮੌਜੂਦ ਸਨ।