
ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ 'ਤੇ ਦਾਅ ਲਗਾਇਆ ਹੈ।
ਜਲੰਧਰ - ਪੰਜਾਬ 'ਚ ਜਲੰਧਰ ਲੋਕ ਸਭਾ ਸੀਟ ਲਈ ਮੁਕਾਬਲਾ ਦਿਲਚਸਪ ਜਾਪਦਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਅਤੇ ਤਿੰਨ ਦਲਬਦਲੀ ਕਰਨ ਵਾਲੇ ਉਮੀਦਵਾਰ ਮੈਦਾਨ 'ਚ ਹਨ। ਜਲੰਧਰ ਲੋਕ ਸਭਾ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਸੀਟ ਹੈ। ਜਲੰਧਰ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਦੇ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਕਰਦੇ ਸਨ।
ਕਾਂਗਰਸ ਨੇ ਆਪਣੇ ਅਟੱਲ ਕਿਲ੍ਹੇ ਨੂੰ ਬਚਾਉਣ ਲਈ ਦਲਿਤ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿਚ ਉਤਾਰਿਆ ਹੈ। ਚੰਨੀ ਰੂਪਨਗਰ ਜ਼ਿਲ੍ਹੇ ਦੀ ਚਮਕੌਰ ਸਾਹਿਬ ਸੀਟ ਤੋਂ ਵਿਧਾਇਕ ਸਨ। ਆਮ ਆਦਮੀ ਪਾਰਟੀ (ਆਪ) ਨੇ ਦੋ ਵਾਰ ਵਿਧਾਇਕ ਰਹੇ ਅਤੇ ਅਕਾਲੀ ਦਲ ਦੇ ਸਾਬਕਾ ਨੇਤਾ ਪਵਨ ਕੁਮਾਰ ਟੀਨੂੰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਟੀਨੂੰ ਅਪ੍ਰੈਲ ਵਿਚ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਏ ਸਨ।
ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ 'ਤੇ ਦਾਅ ਲਗਾਇਆ ਹੈ। ਰਿੰਕੂ ਨੂੰ ਪਹਿਲਾਂ 'ਆਪ' ਦਾ ਉਮੀਦਵਾਰ ਐਲਾਨਿਆ ਗਿਆ ਸੀ ਪਰ ਉਹ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਜਲੰਧਰ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਿੰਕੂ ਪਿਛਲੇ ਸਾਲ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ ਸਨ।
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕੇਪੀ ਪਿਛਲੇ ਮਹੀਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਜਲੰਧਰ ਹਲਕੇ 'ਚ ਕੁੱਲ 16.54 ਲੱਖ ਵੋਟਰ ਹਨ, ਜਿਨ੍ਹਾਂ 'ਚੋਂ 37 ਫ਼ੀਸਦੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹਨ। ਇਸ ਹਲਕੇ ਵਿਚ ਫਿਲੌਰ (ਐਸਸੀ), ਨਕੋਦਰ, ਸ਼ਾਹਕੋਟ, ਕਰਤਾਰਪੁਰ (ਐਸਸੀ), ਜਲੰਧਰ ਪੱਛਮੀ (ਐਸਸੀ), ਜਲੰਧਰ ਸੈਂਟਰਲ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ (ਐਸਸੀ) ਸ਼ਾਮਲ ਹਨ।
ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਵਿਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਇਲਾਕੇ ਦੇ ਵੋਟਰਾਂ ਨੂੰ ਦੱਸ ਰਹੇ ਹਨ।
ਚੰਨੀ ਕਹਿੰਦੇ ਹਨ ਕਿ "ਮੈਂ ਇੱਥੇ ਰਹਿਣ ਲਈ ਆਇਆ ਹਾਂ,"ਮੇਰੇ ਪੁਰਖੇ ਇੱਥੋਂ ਦੇ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸੇਵਾ ਕਰਾਂਗਾ। ''
ਭਾਜਪਾ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਪਿਛਲੇ 10 ਸਾਲਾਂ ਵਿਚ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਭਰੋਸਾ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਰਿੰਕੂ ਨੇ ਕਿਹਾ ਕਿ 'ਆਪ' ਨੇਤਾ ਦਾਅਵਾ ਕਰਦੇ ਸਨ ਕਿ ਉਹ ਆਮ ਲੋਕ ਹਨ ਪਰ ਹੁਣ ਉਹ 'ਵਿਸ਼ੇਸ਼' ਤੋਂ ਵੱਧ ਹੋ ਗਏ ਹਨ।
'ਆਪ' ਉਮੀਦਵਾਰ ਟੀਨੂੰ ਨੂੰ ਮਾਨ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ 'ਤੇ ਭਰੋਸਾ ਹੈ। ਉਹ 43,000 ਸਰਕਾਰੀ ਨੌਕਰੀਆਂ, 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ, 'ਆਮ ਆਦਮੀ' ਕਲੀਨਿਕ ਖੋਲ੍ਹਣ ਲਈ ਜਨਤਾ ਕੋਲ ਜਾ ਰਹੇ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਨੇ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਨੇ ਪਿਛਲੀਆਂ ਚੋਣਾਂ ਵਿਚ 20 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਸਨ।
2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਸੰਤੋਖ ਚੌਧਰੀ ਨੇ ਜਲੰਧਰ ਸੀਟ ਜਿੱਤੀ ਸੀ। ਹਾਲਾਂਕਿ, ਜਨਵਰੀ 2023 ਵਿਚ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ, ਚੌਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਰਿੰਕੂ ਨੇ ਉਪ ਚੋਣ ਜਿੱਤੀ। ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।