
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਰੂਰਲ ਮੈਡੀਕਲ ਅਫ਼ਸਰਾਂ ਦੀ 12 ਸਾਲ ਪੁਰਾਣੀ ਮਰਜ ਦਾ ਇਲਾਜ ਲੱਭ ਲਿਆ ਹੈ...
ਚੰਡੀਗੜ੍ਹ : ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਰੂਰਲ ਮੈਡੀਕਲ ਅਫ਼ਸਰਾਂ ਦੀ 12 ਸਾਲ ਪੁਰਾਣੀ ਮਰਜ ਦਾ ਇਲਾਜ ਲੱਭ ਲਿਆ ਹੈ। ਬ੍ਰਹਮ ਮਹਿੰਦਰਾ ਨੇ ਪੇਂਡੂ ਡਾਕਟਰਾਂ ਦੇ ਸਿਹਤ ਵਿਭਾਗ ਵਿਚ ਰਲੇਵੇਂ ਲਈ ਵਿਚਾਲੇ ਦਾ ਰਾਹ ਲੱਭ ਲਿਆ ਹੈ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਡਿਸਪੈਂਸਰੀਆਂ ਵਿਚ ਕੰਮ ਕਰਦੇ ਪੇਂਡੂ ਡਾਕਟਰਾਂ ਦਾ ਸਿਹਤ ਵਿਭਾਗ ਵਿਚ ਰਲੇਵੇਂ ਦਾ ਮਾਮਲਾ 10 ਸਾਲ ਲਟਕਦਾ ਰਿਹਾ ਸੀ ਅਤੇ ਇਸ ਦਾ ਕੋਈ ਸਰਬਪ੍ਰਵਾਨਤ ਹੱਲ ਲਭਿਆ ਨਹੀਂ ਜਾ ਸਕਿਆ।
ਸੂਤਰਾਂ ਅਨੁਸਾਰ ਸਿਹਤ ਵਿਭਾਗ ਨੇ ਰੂਰਲ ਮੈਡੀਕਲ ਅਫ਼ਸਰਾਂ ਦਾ ਸਿਹਤ ਵਿਭਾਗ ਵਿਚ ਰਲੇਵਾਂ ਕਰਨ ਅਤੇ ਉਨ੍ਹਾਂ ਦਾ ਵਖਰਾ ਕੇਡਰ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ। ਵਖਰੇ ਕੇਡਰ ਵਿਚ ਉਨ੍ਹਾਂ ਦੀ ਸੀਨੀਆਰਤਾ ਬਰਕਰਾਰ ਰੱਖੀ ਜਾਵੇਗੀ ਪਰ ਇਸ ਪ੍ਰਸਤਾਵ ਵਿਚੋਂ ਉਹ 97 ਪੇਂਡੂ ਡਾਕਟਰਾਂ ਬਾਹਰ ਰੱਖੇ ਗਏ ਸਨ ਜੋ ਬਿਨਾਂ ਸ਼ਰਤ ਸਿਹਤ ਵਿਭਾਗ ਵਿਚ ਰਲਣ ਲਈ ਸਹਿਮਤੀ ਪਹਿਲਾਂ ਹੀ ਦੇ ਚੁੱਕੇ ਹਨ।
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸਤੀਸ਼ ਚੰਦਰਾ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਕਮਿਸ਼ਨਰ ਅਨੁਰਾਗ ਵਰਮਾ ਨੂੰ ਭੇਜੇ ਪੱਤਰ ਵਿਚ ਪੇਂਡੂ ਡਾਕਟਰਾਂ ਨੂੰ ਰਲੇਵੇਂ ਲਈ ਲਾਲਚ ਦਾ ਚੋਗਾ ਵੀ ਪਾਇਆ ਹੈ। ਪੱਤਰ ਵਿਚ ਪੇਂਡੂ ਡਾਕਟਰਾਂ ਨੂੰ ਐਮਡੀ ਵਿਚ ਦਾਖ਼ਲੇ ਲਈ ਉਨ੍ਹਾਂ ਦੇ ਪਿਤਰੀ ਵਿਭਾਗ ਦੀ ਨੌਕਰੀ ਦਾ ਲਾਭ ਦੇਣ ਦੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਵਖਰੇ ਕੇਡਰ ਵਿਚ ਪੇਂਡੂ ਡਾਕਟਰਾਂ ਦੀ ਸੀਨੀਆਰਤਾ ਬਰਕਰਾਰ ਰੱਖੀ ਜਾਵੇਗੀ।
ਪੰਚਾਇਤ ਵਿਭਾਗ ਦੇ ਸਿਹਤ ਸਕੱਤਰ ਨੇ ਇਸ ਤੋਂ ਅੱਗੇ ਜਾਂਦਿਆਂ ਪੇਂਡੂ ਡਾਕਟਰਾਂ ਦੇ ਇਕ ਵਫ਼ਦ ਨਾਲ ਮੀਟਿੰਗ ਕਰ ਕੇ ਸਿਹਤ ਵਿਭਾਗ ਵਿਚ ਵਖਰਾ ਕੇਡਰ ਬਣਾਉਣ ਦਾ ਭਰੋਸਾ ਦਿੰਦਿਆਂ ਰੂਰਲ ਮੈਡੀਕਲ ਅਫ਼ਸਰਾਂ ਦੀ ਗਿਣਤੀ ਦੇ ਅਨੁਪਾਤ ਮੁਤਾਬਕ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਿਵਲ ਸਰਜਨ ਸਮੇਤ ਪ੍ਰਸ਼ਾਸਨਿਕ ਅਹੁਦਿਆਂ ਦੀ ਪੇਸ਼ਕਸ਼ ਵੀ ਕਰ ਦਿਤੀ ਹੈ।
ਅਕਾਲੀ-ਭਾਜਪਾ ਸਰਕਾਰ ਦੀ ਹਕੂਮਤ ਦੌਰਾਨ ਵੀ ਸਿਹਤ ਵਿਭਾਗ ਵਿਚ ਰਲੇਵੇਂ ਦੀ ਗੱਲ ਕੀਤੀ ਸੀ ਪਰ ਰੂਰਲ ਮੈਡੀਕਲ ਅਫ਼ਸਰ ਰਲੇਵੇਂ ਤੋਂ ਪਹਿਲਾਂ ਉਨ੍ਹਾਂ ਦੀ ਸੀਨੀਆਰਤਾ ਬਰਕਰਾਰ ਰੱਖਣ ਦੀ ਮੰਗ 'ਤੇ ਅੜੇ ਰਹੇ। ਦੂਜੇ ਪਾਸੇ ਪੰਜਾਬ ਸਿਵਲ ਸਰਵਿਸ ਮੈਡੀਕਲ ਐਸੋਸੀਏਸ਼ਨ ਰੂਰਲ ਮੈਡੀਕਲ ਅਫ਼ਸਰਾਂ ਦੇ ਰਲੇਵੇਂ ਦੀ ਸੂਰਤ ਵਿਚ ਉਨ੍ਹਾਂ ਨੂੰ ਜੁਆਨਿੰਗ ਤਰੀਕ ਤੋਂ ਸੀਨੀਆਰਤਾ ਦੇਣ ਲਈ ਬਜ਼ਿੱਦ ਰਹੀ। ਸਿਹਤ ਵਿਭਾਗ ਨੇ ਵਿਚ-ਵਿਚਾਲੇ ਦਾ ਰਾਹ ਲੱਭ ਕੇ ਪੇਂਡੂ ਡਾਕਟਰਾਂ ਲਈ ਵਖਰਾ ਕੇਡਰ ਬਣਾਉਣ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ।
ਰੂਰਲ ਮੈਡੀਕਲ ਅਫ਼ਸਰਾਂ ਦੀ ਠੇਕੇ 'ਤੇ ਭਰਤੀ 2006 ਵਿਚ ਕੀਤੀ ਗਈ ਸੀ ਜਦਕਿ ਇਨ੍ਹਾਂ ਨੂੰ 2011 ਵਿਚ ਰੈਗੂਲਰ ਕਰ ਦਿਤਾ ਗਿਆ ਸੀ। ਸਾਲ 2006 ਵਿਚ ਸਿਹਤ ਵਿਭਾਗ ਵਿਚੋਂ ਪੇਂਡੂ ਡਿਸਪੈਂਸਰੀਆਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਹਵਾਲੇ ਕਰ ਦਿਤਾ ਗਿਆ ਸੀ। ਇਨ੍ਹਾਂ ਦੀ ਗਿਣਤੀ 1186 ਰੱਖੀ ਗਈ ਸੀ। ਪੇਂਡੂ ਡਿਸਪੈਂਸਰੀਆਂ ਵਿਚ ਡਾਕਟਰਾਂ ਦੀਆਂ 1186 ਵਿਚੋਂ 546 ਖ਼ਾਲੀ ਪਈਆਂ ਹਨ। ਪੇਂਡੂ ਡਿਸਪੈਂਸਰੀਆਂ ਵਿਚ ਇਕ ਫ਼ਾਰਮਾਸਿਸਟ ਅਤੇ ਇਕ ਦਰਜਾ ਚਾਰ ਕਰਮਚਾਰੀ ਰਖਿਆ ਗਿਆ ਹੈ ਅਤੇ ਇਨ੍ਹਾਂ ਦਾ ਮੌਜੂਦਾ ਕੰਟਰੈਕਟ ਤਹਿਤ ਸਿਹਤ ਵਿਭਾਗ ਵਿਚ ਰਲੇਵਾਂ ਕੀਤਾ ਜਾਵੇਗਾ।
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਡਾਕਟਰਾਂ ਦਾ ਸਿਹਤ ਵਿਭਾਗ ਵਿਚ ਰਲੇਵਾਂ ਹੋ ਰਿਹਾ ਹੈ ਪਰ ਇਸ ਬਾਰੇ ਅੰਤਮ ਫ਼ੈਸਲਾ ਲੈਣ ਲਈ ਅਗਲੇ ਦਿਨੀਂ ਦੋਹਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਰੱਖੀ ਜਾ ਰਹੀ ਹੈ। ਵਿਭਾਗ ਦੇ ਸਕੱਤਰ ਸਤੀਸ਼ ਚੰਦਰਾ ਨੇ ਵਧੇਰੇ ਕਹਿਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਕਿਸੇ ਵੀ ਫ਼ੈਸਲੇ ਨੂੰ ਜਨਤਕ ਕਰਨ ਦਾ ਸਮਾਂ ਹਾਲੇ ਨਹੀਂ ਆਇਆ। ਰੂਰਲ ਮੈਡੀਕਲ ਡਾਕਟਰਾਂ ਦੇ ਆਗੂਆਂ ਡਾ. ਜੇਪੀ ਨਰੂਲਾ ਅਤੇ ਡਾ. ਜੇਐਸ ਬਾਜਵਾ ਨੇ ਮੀਟਿੰਗ ਦੀ ਪੁਸ਼ਟੀ ਕਰਦਿਆਂ ਬਿਨਾਂ ਸੀਨੀਆਰਤਾ ਰਲੇਵੇਂ ਤੋਂ ਇਨਕਾਰ ਦਾ ਫ਼ੈਸਲਾ ਦੁਹਰਾਇਆ ਹੈ।