
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਚੰਡੀਗੜ੍ਹ 'ਚ ਨਗਰ ਨਿਗਮ......
ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਚੰਡੀਗੜ੍ਹ 'ਚ ਨਗਰ ਨਿਗਮ ਵਲੋਂ ਪੀਣ ਵਾਲੇ ਪਾਣੀ ਦੇ ਬਿਲਾਂ ਵਿਚ ਲਗਭਗ 100 ਫ਼ੀ ਸਦੀ ਵਾਧੇ ਦੇ ਏਜੰਡੇ ਨੂੰ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਵਲੋਂ ਵਿਰੋਧ ਕਰਦਿਆਂ ਰੱਦ ਕਰ ਦਿਤਾ ਗਿਆ। ਕੌਂਸਲਰਾਂ ਨੇ ਸਰਬਸੰਮਤੀ ਨਾਲ ਮੇਅਰ ਅਤੇ ਕਮਿਸ਼ਨਰ ਨੂੰ ਸ਼ਹਿਰ ਦੇ ਲੋਕਾਂ 'ਤੇ ਵਾਧੂ ਟੈਕਸਾਂ ਦਾ ਬੋਝ ਨਾ ਪਾਉਣ ਦਾ ਸੁਝਾਅ ਦਿਤਾ।
ਵਿੱਤ ਤੇ ਠੇਕਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਡਿਪਟੀ ਮੇਅਰ ਅਨਿਲ ਕੁਮਾਰ ਦੂਬੇ ਨੇ ਦਸਿਆ ਕਿ ਉਨ੍ਹਾਂ ਇਸ ਏਜੰਡੇ ਨੂੰ ਮੂਲੋਂ ਹੀ ਰੱਦ ਕਰਦਿਆਂ ਮੇਅਰ ਤੇ ਕਮਿਸ਼ਨਰ ਨੂੰ ਪੀਣ ਵਾਲੇ ਪਾਣੀ ਦੀ ਹੋ ਰਹੀ ਲੀਕੇਜ਼ ਅਤੇ ਬਰਬਾਦੀ ਰੋਕਣ ਅਤੇ ਬਕਾਇਆ ਰਹਿੰਦੇ ਬਿਲਾਂ ਦੀ ਰੀਕਵਰੀ ਕਰ ਕੇ ਘਾਟਾ ਪੂਰਾ ਕਰਨ ਦਾ ਸੁਝਾਅ ਪੇਸ਼ ਕੀਤਾ। ਦੂਬੇ ਨੇ ਕਿਹਾਕਿ ਉਨ੍ਹਾਂ ਦਲੀਲ ਦਿਤੀ ਕਿ ਉਹ ਸ਼ਹਿਰ ਦੇ ਲੋਕਾਂ 'ਤੇ ਹਾਲੇ ਹੋਰ ਵਾਧੂ ਭਾਰ ਨਹੀਂ ਪਾਉਣਾ ਚਾਹੁੰਦੇ।
ਦੱਸਣਯੋਗ ਹੈ ਕਿ ਨਿਗਮ ਹਰ ਸਾਲ 75 ਕਰੋੜ ਦਾ ਘਾਟਾ ਸਹਿ ਰਿਹਾ ਹੈ। ਇਸ ਸਬੰਧੀ ਅਨਿਲ ਦੂਬੇ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕੋਲੋਂ ਗ੍ਰਾਂਟ ਦੇਣ ਦੀ ਮੰਗ ਕੀਤੀ ਤਾਕਿ ਉਹ ਅਪਣੇ ਜਿੰਮੇ ਵਾਲੇ ਅਹਿਮ ਪ੍ਰਾਜੈਕਟਾਂ ਨੂੰ ਛੇਤੀ ਪੂਰਾ ਕਰੇ। ਮੀਟਿੰਗ ਵਿਚ ਹੀਰਾ ਨੇਗੀ, ਗੁਰਬਖ਼ਸ਼ ਰਾਵਤ ਆਦਿ ਹਾਜ਼ਰ ਸਨ।