
7 ਕਿਲੋਮੀਟਰ ਲੰਮਾ ਅਤੇ ਤਿੰਨ ਕਿਲੋਮੀਟਰ ਚੌੜਾ ਟਿੱਡੀ ਦਲ ਦਾ ਝੁੰਡ ਰਾਜਸਥਾਨ ਤੋਂ ਹਰਿਆਣਾ ਪੁੱਜਾ
ਚੰਡੀਗੜ੍ਹ : ਟਿੱਡੀ ਦਲਾਂ ਦੀ ਆਮਦ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਦੇ ਟਾਕਰੇ ਲਈ ਕਮਰਕੱਸ ਲਈ ਹੈ। ਪੰਜਾਬ ਸਰਕਾਰ ਟਿੱਡੀ ਦਲ ਦੇ ਹਮਲੇ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਜੇ ਤਕ ਪੰਜਾਬ ਨੂੰ ਟਿੱਡੀ ਦਲ ਦੇ ਹਮਲੇ ਤੋਂ ਕੋਈ ਖ਼ਤਰਾ ਨਹੀਂ। ਪਿਛਲੇ ਮਹੀਨਿਆ ਦੌਰਾਨ ਈਰਾਨ ਅਤੇ ਪਾਕਿਸਤਾਨ ਤੋਂ ਹੁੰਦਾ ਹੋਇਆ ਇਹ ਦਲ ਭਾਰਤੀ ਇਲਾਕਿਆਂ 'ਚ ਦਾਖ਼ਲ ਹੋਇਆ ਸੀ। ਇਹ ਲਗਭਗ 7 ਕਿਲੋਮੀਟਰ ਲੰਮਾ ਤੇ ਤਿੰਨ ਕਿਲੋਮੀਟਰ ਚੌੜਾਈ 'ਚ ਦਸਿਆ ਜਾ ਰਿਹਾ ਹੈ।
Locusts
ਅੱਜ ਇਹ ਝੁੰਡ ਦਿੱਲੀ ਦੇ ਬਹਾਰਲੇ ਇਲਾਕਿਆਂ ਤਕ ਪੁੱਜ ਗਿਆ। ਇਸ ਦੇ ਹਰਿਆਣਾ ਦੇ ਗੁਰੂਗ੍ਰਾਮ ਅਤੇ ਝੱਜਰ ਇਲਾਕਿਆਂ ਅੰਦਰ ਪ੍ਰਵੇਸ਼ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦਸਿਆ ਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਟਿੱਡੀ ਦਲ 'ਤੇ ਸਪਰੇਅ ਕਰਨ ਲਈ ਦਵਾਈਆਂ ਦਾ ਸਟਾਕ ਪਹਿਲਾਂ ਹੀ ਉਪਲਬਧ ਹੈ। ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰਾਂ ਉਪਰ ਫਿਟ ਕੀਤੇ ਸਪਰੇਅਰ ਵੀ ਮੌਜੂਦ ਹਨ। ਜੇਕਰ ਇਹ ਟਿੱਡੀ ਦਲ ਪੰਜਾਬ 'ਚ ਦਾਖ਼ਲ ਹੁੰਦਾ ਹੈ ਤਾਂ ਜਿਥੇ ਵੀ ਇਹ ਰਾਤ ਨੂੰ ਬੈਠੇਗਾ, ਉਥੇ ਸਪਰੇਅ ਪੰਪਾਂ ਨਾਲ ਸਪਰੇਅ ਕਰ ਕੇ ਇਸ ਦਾ ਖ਼ਾਤਮਾ ਕੀਤਾ ਜਾਵੇਗਾ।
Locusts
ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ 'ਚ ਆਏ ਟਿੱਡੀ ਦਲਾਂ ਨੂੰ ਅੱਗੇ ਕਿਸੇ ਹੋਰ ਇਲਾਕਿਆਂ ਵਲ ਧੱਕਣ ਦੀ ਬਜਾਏ ਇਸ ਦਾ ਖ਼ਾਤਮਾ ਕੀਤਾ ਜਾਵੇਗਾ। ਉੁਨ੍ਹਾਂ ਦਾ ਕਹਿਣਾ ਹੈ ਕਿ ਵੱਡਾ ਝੁੰਡ ਪਹਿਲਾਂ ਰਾਜਸਥਾਨ ਦੇ ਇਲਾਕਿਆਂ 'ਚ ਪਾਕਿਸਤਾਨ ਤੋਂ ਆਇਆ ਅਤੇ ਫਿਰ ਹਰਿਆਣਾ 'ਚ ਦਾਖ਼ਲ ਹੋਇਆ। ਜੇਕਰ ਇਸ ਦਾ ਖ਼ਾਤਮਾ ਰਾਜਸਥਾਨ 'ਚ ਹੀ ਸਪਰੇਅ ਕਰ ਕੇ ਕਰ ਦਿਤਾ ਜਾਂਦਾ ਤਾਂ ਬਾਕੀ ਇਲਾਕੇ ਸੁਰਖਿਅਤ ਹੋ ਜਾਂਦੇ। ਉਨ੍ਹਾਂ ਸਪਸ਼ਟ ਕੀਤਾ ਕਿ ਜਿਥੋਂ ਤਕ ਪੰਜਾਬ ਦਾ ਸਬੰਧ ਹੈ, ਟਿੱਡੀ ਦਲ ਦੇ ਖ਼ਾਤਮੇ ਲਈ ਪੂਰੀ ਤਿਆਰੀ ਹੈ।
Locust attack
ਉਨ੍ਹਾਂ ਦਸਿਆ ਕਿ ਦੋ ਮਹੀਨੇ ਪਹਿਲਾਂ ਵੀ ਟਿੱਡੀ ਦਲ ਦਾ ਇਕ ਝੁੰਡ ਪਾਕਿਸਤਾਨ ਤੋਂ ਪੰਜਾਬ ਫ਼ਾਜ਼ਿਲਕਾ ਇਲਾਕੇ 'ਚ ਆਇਆ ਸੀ ਅਤੇ ਪਹਿਲੀ ਰਾਤ ਹੀ ਪੂਰੀ ਤਿਆਰੀ ਨਾਲ ਕਿਸਾਨਾਂ ਦੇ ਟਰੈਕਟਰ ਸਪਰੇਅਰਾਂ ਨਾਲ ਸਪਰੇਅ ਕਰ ਕੇ ਉਸ ਦਾ ਖ਼ਾਤਮਾ ਕਰ ਦਿਤਾ ਸੀ। ਇਥੇ ਇਹ ਵੀ ਦਸਣਾ ਵੀ ਯੋਗ ਹੋਵੇਗਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਸ੍ਰੀ ਤੋਮਰ ਨੇ ਦਾਅਵਾ ਕੀਤਾ ਸੀ ਕਿ ਟਿੱਡੀ ਦਲਾਂ ਉਪਰ ਸਪਰੇਅ ਲਈ ਬਰਤਾਨੀਆ ਤੋਂ 60 ਹੈਲੀ ਸਪਰੇਅਰ ਮੰਗਵਾਏ ਜਾ ਰਹੇ ਹਨ।
Locust attack
ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ 11 ਸਪਰੇਅਰ 15 ਜੂਨ ਤਕ ਅਤੇ 20 ਹੋਰ 25 ਜੂਨ ਤਕ ਉਪਲਬਧ ਹੋ ਜਾਣਗੇ। ਬਾਕੀ 9 ਜੁਲਾਈ ਤਕ ਆਉਣ ਦੀ ਗੱਲ ਕਹੀ ਸੀ। ਇਹ ਬਿਆਨ ਉਨ੍ਹਾਂ ਕੁੱਝ ਦਿਨ ਪਹਿਲਾਂ ਦਿਤਾ ਸੀ ਜਦ ਟਿੱਡੀ ਦਲਾਂ ਦੇ ਝੁੰਡਾਂ ਨੇ ਰਾਜਸਥਾਨ ਦੇ ਗੰਗਾਨਗਰ ਅਤੇ ਨਗੌਰ ਜ਼ਿਲ੍ਹਿਆਂ 'ਚ ਲਗਭਗ ਇਕ ਲੱਖ ਹੈਕਟੇਅਰ ਰਕਬੇ 'ਚ ਦਰਖਤਾਂ ਅਤੇ ਫ਼ਸਲਾਂ ਦਾ ਨੁਕਸਾਨ ਕੀਤਾ ਸੀ, ਪ੍ਰੰਤੂ ਇਨ੍ਹਾਂ ਹੈਲੀ ਸਪਰੇਅਰਾਂ ਨਾਲ ਕਿਤੇ ਵੀ ਸਪਰੇਅ ਕਰ ਕੇ ਟਿੱਡੀ ਦਲਾਂ ਦਾ ਖ਼ਾਤਮਾ ਨਹੀਂ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।