
ਐਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਤੋਂ ਲਗਾਤਾਰ 4 ਘੰਟੇ ਕੀਤੀ ਪੁੱਛ-ਗਿਛ
40 ਤੋਂ ਵੱਧ ਸਵਾਲਾਂ ਦੇ ਜੁਆਬ ਲਏ ਪਰ ਸਿੱਟ ਦੇ ਪੱਲੇ ਅੱਜ ਵੀ ਕੁੱਝ ਜ਼ਿਆਦਾ ਨਾ ਪਿਆ
ਚੰਡੀਗੜ੍ਹ, 26 ਜੂਨ (ਗੁਰਉਪਦੇਸ਼ ਭੁੱਲਰ) : ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਮੁੜ ਜਾਂਚ ਲਈ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਨਵੀਂ ਸਿੱਟ (ਵਿਸ਼ੇਸ਼ ਜਾਂਚ ਟੀਮ) ਵਲੋਂ ਅੱਜ ਉਸ ਸਮੇਂ ਦੇ ਗ੍ਰਹਿ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਗਿਛ ਕੀਤੀ ਗਈ | ਇਸ ਤੋਂ ਪਹਿਲਾਂ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਗਿੱਛ ਕਰ ਚੁੱਕੀ ਹੈ | ਇਸ ਤੋਂ ਪਹਿਲਾਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਹੋਰ ਸਾਬਕਾ ਪੁਲਿਸ ਅਫ਼ਸਰਾਂ ਤੋਂ ਵੀ ਪੁੱਛ ਗਿੱਛ ਹੋ ਚੁੱਕੀ ਹੈ ਪਰ ਹਾਲੇ ਤਕ ਸਿੱਟ ਦੇ ਹੱਥ ਕੋਈ ਸੁਰਾਗ ਲਗਦਾ ਨਹੀਂ ਦਿਸ ਰਿਹਾ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ ਸੀ | ਸੁਖਬੀਰ ਸਿੰਘ ਬਾਦਲ ਤੋਂ ਸਿੱਟ ਦੀ ਟੀਮ ਨੇ ਅੱਜ ਚੰਡੀਗੜ੍ਹ ਸਥਿਤ ਸੈਕਟਰ 32 ਦੇ ਪੁਲਿਸ ਇੰਸਟੀਚਿਊਟ ਵਿਚ ਬੁਲਾ ਕੇ ਬੰਦ ਕਮਰੇ ਵਿਚ ਲਗਾਤਾਰ ਚਾਰ ਘੰਟੇ ਤਕ ਪੁੱਛ ਗਿੱਛ ਕੀਤੀ ਹੈ | ਸੁਖਬੀਰ ਬਾਦਲ ਅਪਣੇ ਸਾਥੀ ਆਗੂਆਂ ਨਾਲ ਨਿਰਧਾਰਤ ਸਮੇਂ ਮੁਤਾਬਕ 11 ਵਜੇ ਪਹੁੰਚੇ ਜਦ ਕਿ ਸਿੱਟ ਦੀ ਟੀਮ ਪੌਣੇ ਗਿਆਰਾਂ ਵਜੇ ਪਹੁੰਚ ਗਈ ਸੀ | ਸੁਖਬੀਰ ਬਾਦਲ ਦੇ ਸਾਥੀ ਆਗੂ ਇੰਸਟੀਚਿਊਟ ਦੇ ਕੰਪਲੈਕਸ ਵਿਚ ਮੌਜੂਦ ਰਹੇ | ਇਨ੍ਹਾਂ 'ਚ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਗਰੇਵਾਲ, ਸ਼ਰਨਜੀਤ ਸਿੰਘ ਢਿਲੋਂ ਅਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਨਾ ਵਰਨਣਯੋਗ ਹਨ | ਭਾਵੇਂ ਸਿੱਟ ਅਦਾਲਤੀ ਹੁਕਮਾਂ ਅਨੁਸਾਰ ਅਪਣੀ ਕਾਰਵਾਈ ਪੂਰੀ ਤਰ੍ਰਾਂ ਗੁਪਤ ਰੱਖ ਰਹੀ ਹੈ ਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਪਰ ਸੂਤਰਾਂ ਅਨੁਸਾਰ 40 ਤੋਂ ਵੱਧ ਸਵਾਲਾਂ ਦੇ ਜੁਆਬ ਪੁੱਛੇ ਗਏ | ਮੁੱਖ ਤੌਰ 'ਤੇ ਗ੍ਰਹਿ ਮੰਤਰੀ ਹੋਣ ਕਾਰਨ ਉਸ ਸਮੇਂ ਦੇ ਘਟਨਾਕ੍ਰਮ 'ਚ ਨਿਭਾਈ ਭੂਮਿਕਾ ਬਾਰੇ ਸਵਾਲ ਪੁੱਛੇ ਗਏ | ਇਹ ਪੁਛਿਆ ਗਿਆ ਕਿ ਗੋਲੀ ਕਾ ਹੁਕਮ ਕਿਸ ਨੇ ਦਿਤਾ? ਫ਼ੋਨ ਕਾਲਾਂ ਨੂੰ ਆਧਾਰ ਬਣਾ ਕੇ ਹੀ ਬਹੁਤੇ ਸਵਾਲ ਤਿਆਰ ਕੀਤੇ ਹਨ | ਪਰ ਵੱਡੇ ਬਾਦਲ ਵਾਂਗ ਸੁਖਬੀਰ
ਨੇ ਵੀ ਸਿੱਟ ਦੇ ਪੱਲੇ ਕੁੱਝ ਨਹੀਂ ਪਾਇਆ ਤੇ ਉਹ ਵੀ ਹੇਠਲੇ ਸਿਵਲ ਤੇ ਪੁਲਿਸ ਅਧਿਕਾਰੀਆਂ 'ਤੇ ਹੀ ਜ਼ਿੰਮੇਵਾਰੀ ਸੁੱਟ ਰਹੇ ਹਨ | ਇਸੇ ਕਰ ਕੇ ਹੁਣ ਸੁਮੇਧ ਸੈਣੀ ਸਮੇਤ ਬਾਦਲਾਂ ਦੀ ਗਿ੍ਫ਼ਤਾਰੀ ਕਰ ਕੇ ਹਿਰਾਸਤੀ ਪੁੱਛਗਿੱਛ ਦੀ ਮੰਗ ਉਠ ਰਹੀ ਹੈ |
ਕਾਨੂੰਨੀ ਅਧਿਕਾਰੀ ਸਿੰਗਲਾ ਨੇ ਦਿਤਾ ਅਸਤੀਫ਼ਾ
ਅੱਜ ਦੇ ਪੁਛਗਿੱਛ ਤੋਂ ਪਹਿਲਾਂ ਇਹ ਅਹਿਮ ਗੱਲ ਸਾਹਮਣੇ ਆਈ ਹੈ ਕਿ ਸਿੱਟ ਦੇ ਕਾਨੂੰਨੀ ਅਧਿਕਾਰੀ ਵਿਜੈ ਸਿੰਗਲਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ | ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਮੁੱਖ ਮੰਤਰੀ ਬਾਦਲ ਦੀ ਪੁੱਛਗਿੱਛ ਸਮੇਂ ਸਿੰਗਲਾ ਦੇ ਤਿੰਨ ਮੈਂਬਰੀ ਟੀਮ ਨਾਲ ਆਉਣ 'ਤੇ ਇਤਰਾਜ ਪ੍ਰਗਟ ਕਰਦੇ ਹੋਏ | ਇਸ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਸਿਆ ਗਿਆ ਸੀ | ਬਿਕਰਮ ਮਜੀਠੀਆ ਨੇ ਬੀਤੇ ਦਿਨੀਂ ਇਸ ਸਬੰਧਤ 'ਚ ਮਾਮਲਾ ਦਰਜ ਕਰਵਾਉਣ ਦਾ ਵੀ ਐਲਾਨ ਕੀਤਾ ਸੀ |