
ਨਜ਼ਦੀਕੀ ਪਿੰਡ ਚੀਮਾ ਵਿਖੇ ਅੱਜ ਸਵੇਰੇ ਕਰੀਬ ਦਸ ਵਜੇ ਇਕ ਵਿਅਕਤੀ ਦਾ ਸਿਰਫ਼ ਇਕ ਹਜ਼ਾਰ ਰੁਪਏ ਖ਼ਾਤਰ ਸਿਰੀ ਸਾਹਿਬ ਨਾਲ ਕਤਲ ਕਰ ਦਿੱਤਾ ਗਿਆ ਹੈ...............
ਜਗਰਾਉਂ : ਨਜ਼ਦੀਕੀ ਪਿੰਡ ਚੀਮਾ ਵਿਖੇ ਅੱਜ ਸਵੇਰੇ ਕਰੀਬ ਦਸ ਵਜੇ ਇਕ ਵਿਅਕਤੀ ਦਾ ਸਿਰਫ਼ ਇਕ ਹਜ਼ਾਰ ਰੁਪਏ ਖ਼ਾਤਰ ਸਿਰੀ ਸਾਹਿਬ ਨਾਲ ਕਤਲ ਕਰ ਦਿੱਤਾ ਗਿਆ ਹੈ। ਥਾਣਾ ਹਠੂਰ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ 'ਤੇ ਹਮਲਾ ਕਰਨ ਵਾਲੇ ਸੁਖਵਿੰਦਰ ਕੌਰ, ਕਰਮਜੀਤ ਸਿੰਘ, ਬੇਟੇ ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਤੇ ਲਖਵੀਰ ਸਿੰਘ ਨੂੰ ਘਟਨਾ ਵਾਪਰਨ ਦੇ ਇਕ ਘੰਟੇ ਅੰਦਰ ਗ੍ਰਿਫ਼ਤਾਰ ਕਰ ਲਿਆ ਤੇ ਇਨ੍ਹਾਂ ਪੰਜਾਂ ਵਿਰੁਧ ਥਾਣਾ ਹਠੂਰ ਵਿਖੇ ਮੁਕੱਦਮਾ ਨੰਬਰ 123 ਧਾਰਾ 302, 148 ਤਹਿਤ ਦਰਜ ਕੀਤਾ ਗਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਰੁਪਿੰਦਰ ਭਾਰਦਵਾਜ, ਡੀ. ਐਸ. ਪੀ. ਰਾਏਕੋਟ ਗੁਰਮੀਤ ਸਿੰਘ, ਐਸ. ਐਚ. ਓ. ਹਠੂਰ ਜਸਪਾਲ ਸਿੰਘ ਸਮੇਤ ਸੀ. ਆਈ. ਏ. ਸਟਾਫ਼ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਦਸ ਵਜੇ ਪਿੰਡ ਚੀਮਾ ਦਾ ਅਵਤਾਰ ਸਿੰਘ (45) ਪੁੱਤਰ ਚਮਕੌਰ ਸਿੰਘ ਇਟਲੀ ਤੋਂ ਵਾਪਸ ਆਇਆ ਸੀ। ਉਸ ਦਾ ਪਿੰਡ ਦੇ ਕਿਸੇ ਵਿਅਕਤੀ ਨਾਲ ਸਿਰਫ਼ ਇਕ ਹਜ਼ਾਰ ਰੁਪਏ ਦੇ ਲੈਣ-ਦੇਣ ਦਾ ਝਗੜਾ ਸੀ।
ਜਦੋਂ ਅਵਤਾਰ ਸਿੰਘ ਇਟਲੀ ਤੋਂ ਵਾਪਸ ਆਇਆ ਤਾਂ ਉਸ ਨੇ ਉਕਤ ਵਿਅਕਤੀ ਤੋਂ ਪੈਸੇ ਮੰਗੇ। ਅੱਜ ਸਵੇਰੇ ਉਕਤ ਵਿਅਕਤੀ ਆਪਣੀ ਮਾਂ ਅਤੇ ਪਿਤਾ ਨਾਲ ਅਵਤਾਰ ਸਿੰਘ ਦੇ ਘਰ ਗਿਆ ਅਤੇ ਦਰਵਾਜ਼ਾ ਖੜਕਾਉਣ ਲੱਗਾ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਦੋਂ ਵਿਵਾਦ ਵਧ ਗਿਆ ਤਾਂ ਗੁੱਸੇ ਵਿਚ ਆਏ ਉਕਤ ਵਿਅਕਤੀ ਨੇ ਆਪਣੀ ਸਿਰੀ ਸਾਹਿਬ ਕੱਢੀ ਤੇ ਅਵਤਾਰ ਸਿੰਘ 'ਤੇ ਲਗਾਤਾਰ ਵਾਰ ਕਰ ਦਿੱਤੇ। ਇਸ ਕਾਰਨ ਅਵਤਾਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।