
ਆਰਡੀਨੈਂਸਾਂ ਦੀ ਵਾਪਸੀ ਤਕ ਜਾਰੀ ਰਹੇਗਾ ਅੰਦੋਲਨ, ਬਿਜਲੀ ਐਕਟ ਵਿਚ ਸੋਧ ਦਾ ਵੀ ਕੀਤਾ ਵਿਰੋਧ
ਚੰਡੀਗੜ੍ਹ : ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਜਾਰੀ ਕੀਤੇ ਗਏ 3 ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਕਿਸਾਨਾਂ ਵਿਚ ਰੋਸ ਦਿਨ ਬਾ ਦਿਨ ਵਧਣ ਤੋਂ ਬਾਅਦ ਹੁਣ ਅੰਦੋਲਨ ਪੂਰੀ ਤਰ੍ਹਾਂ ਭਖ ਗਿਆ ਹੈ। ਕਿਸਾਨਾਂ ਦੀਆਂ 13 ਜਥੇਬੰਦੀਆਂ ਨੇ ਅੱਜ ਸੂਬੇ ਭਰ ਵਿਚ ਵੱਡਾ ਐਕਸ਼ਨ ਕਰਦਿਆਂ ਸਰਕਾਰ ਦੀਆਂ ਪਾਬੰਦੀਆਂ ਦੇ ਹੁਕਮਾਂ ਦੇ ਬਾਵਜੂਦ ਪੁਲਿਸ ਰੋਕਾਂ ਦੀ ਪਰਵਾਹ ਨਾ ਕਰਦਿਆਂ ਅਕਾਲੀ-ਭਾਜਪਾ ਦੇ ਵੱਡੇ ਆਗੂਆਂ, ਐਮ.ਪੀ ਤੇ ਵਿਧਾਇਕਾਂ ਦੇ ਘਰਾਂ ਵਲ ਟਰੈਕਟਰ ਮਾਰਚ ਕੀਤੇ।
Farmer Protest
ਜ਼ਿਕਰਯੋਗ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਵਿਚ ਕਿਸਾਨ ਪਰਵਾਰਾਂ ਦੇ ਮੈਂਬਰ ਤੇ ਮਹਿਲਾਵਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਥਾਂ ਥਾਂ ਟਰੈਕਟਰਾਂ ਦੀਆਂ ਕਤਾਰਾਂ ਮੀਲਾਂ ਤਕ ਸਨ ਜਿਸ ਕਾਰਨ ਆਵਾਜਾਈ ਵਿਚ ਵੀ ਵਿਗਨ ਪਿਆ।
Farmer Protest
ਕੁੱਝ ਥਾਵਾਂ 'ਤੇ ਕਿਸਾਨਾਂ ਨੂੰ ਪੁਲਿਸ ਨੇ ਘੇਰਾਬੰਦੀ ਕਰ ਕੇ ਨੇਤਾਵਾਂ ਦੇ ਘਰਾਂ ਤੋਂ ਪਿਛੇ ਹੀ ਰੋਕ ਲਿਆ ਗਿਆ ਜਿਥੇ ਕਿਸਾਨਾਂ ਨੇ ਰੋਸ ਮੁਜ਼ਾਹਰੇ ਕਰਦਿਆਂ ਜਬਰਦਸਤ ਨਾਹਰੇਬਾਜ਼ੀ ਕੀਤੀ। ਜਿਨ੍ਹਾਂ ਮੁੱਖ ਆਗੂਆਂ ਦੇ ਘਰਾਂ ਵਲ ਮਾਰਚ ਕੀਤਾ ਗਿਆ ਉਨ੍ਹਾਂ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਭਾਜਪਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਐਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਂ ਜ਼ਿਕਰਯੋਗ ਹਨ।
Farmer Protest
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪਸ਼ਟ ਐਲਾਨ ਕੀਤਾ ਕਿ ਇਹ ਅੰਦੋਲਨ ਹੁਣ ਆਰਡੀਨੈਂਸਾਂ ਦੀ ਵਾਪਸੀ ਤਕ ਖ਼ਤਮ ਨਹੀਂ ਹੋਣ ਵਾਲਾ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਵਿਆਪੀ ਰੂਪ ਧਾਰਨ ਕਰ ਲਵੇਗਾ। ਕੇਂਦਰ ਵਲੋਂ ਬਿਜਲੀ ਕਾਨੂੰਨ ਵਿਚ ਸੋਧ ਕਰਨ ਦੇ ਵਿਰੋਧ ਤੋਂ ਇਲਾਵਾ ਵਰਵਰਾ ਰਾਉ ਤੇ ਹੋਰ ਬੁੱਧੀਜੀਵੀ ਲੋਕਾਂ 'ਤੇ ਦਰਜ ਕੇਸਾਂ ਦਾ ਵੀ ਵਿਰੋਧ ਕਰਦਿਆਂ ਇਨ੍ਹਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।
Farmer Protest
ਕਾਬਲੇਗੌਰ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੰਜਾਬ ਅੰਦਰ ਸਾਰੇ ਸਿਆਸੀ ਦਲ ਅਪਣੀਆਂ ਸਰਗਰਮੀਆਂ ਪਹਿਲਾਂ ਹੀ ਵਧਾ ਚੁੱਕੇ ਹਨ। ਪੰਜਾਬ ਅੰਦਰ ਕਿਸਾਨਾਂ ਦਾ ਚੰਗਾ ਵੋਟ ਬੈਂਕ ਹੈ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਕਿਸਾਨਾਂ ਦਾ ਨਰਾਜਗੀ ਝੱਲਣ ਦੀ ਹਾਲਤ ਵਿਚ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿਤੈਸ਼ੀ ਹੋਣ ਦੀ ਹਾਮੀ ਰਹੀ ਹੈ। ਪਰ ਸੌਦਾ ਸਾਧ ਦੇ ਸਵਾਂਗ ਰਚਾਉਣ ਤੋਂ ਬਾਅਦ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ 'ਤੇ ਲਿਆ ਖੜ੍ਹਾ ਕੀਤਾ ਹੈ। ਕਿਸਾਨਾਂ ਦਾ ਸੰਘਰਸ਼ ਲੰਮੇਰਾ ਖਿੱਚਣ ਦੀ ਸੂਰਤ 'ਚ ਅਕਾਲੀ ਦਲ ਨੂੰ ਹੋਰ ਝਟਕੇ ਲੱਗਣ ਦੇ ਅਸਾਰ ਬਣਦੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।