
ਪਾਰਟੀ ਚਲਾਉਣ ਲਈ ਨਵਜੋਤ ਸਿੱਧੂ ਨੇ ਅਜ਼ਾਦੀ ਦੀ ਮੰਗ ਹਾਈ ਕਮਾਂਡ ਤੋਂ ਕੀਤੀ
ਮੌਜੂਦਾ ਹਾਲਾਤ ਵਿਚ 'ਦਰਸ਼ਨੀ ਘੋੜੇ' ਦਾ ਕੋਈ ਫ਼ਾਇਦਾ ਨਹੀਂ : ਨਵਜੋਤ ਸਿੱਧੂ
ਅੰਮਿ੍ਤਸਰ, 27 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਪਾਰ ਅਤੇ ਉਦਯੋਗ ਐਸੋਸੀਏਸ਼ਨ ਨਾਲ ਉਨ੍ਹਾਂ ਦੇ ਵੱਖ-ਵੱਖ ਮਸਲਿਆਂ ਤੇ ਵਿਚਾਰ ਕਰਨ ਲਈ ਪਹੁੰਚੇ, ਜਿਨ੍ਹਾਂ ਪਾਰਟੀ ਚਲਾਉਣ ਵਾਸਤੇ ਅਜ਼ਾਦੀ ਦੀ ਮੰਗ ਹਾਈ ਕਮਾਂਡ ਤੋਂ ਕਰਦਿਆਂ ਕਿਹਾ ਹੈ ਕਿ ਉਹ ਪੰਜਾਬ ਮਾਡਲ ਰਾਹੀਂ ਸਰਹੱਦੀ ਸੂਬੇ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਹਨ, ਜੋ ਕਿਸੇ ਸਮੇਂ ਨੰਬਰ ਇਕ ਸੀ ਪਰ ਹੁਣ ਅਵਿਕਸਤ ਹੋ ਗਿਆ ਹੈ |
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ-ਅਸਿੱਧੇ ਹਮਲੇ ਕਰਦਿਆਂ ਕਿਹਾ ਕਿ ਦਰਸ਼ਨੀ ਘੋੜੇ (ਡੰਮੀਂ ਸੀ ਐਮ) ਦਾ ਮੌਜੂਦਾ ਹਾਲਾਤ ਵਿਚ ਕੋਈ ਫ਼ਾਇਦਾ ਨਹੀਂ | ਸਿੱਧੂ ਨੇ ਇਹ ਵੀ ਆਖ ਦਿਤਾ ਕਿ ਜੇਕਰ ਮੈਨੂੰ ਕੰਮ ਨਾ ਕਰਨ ਦਿਤਾ ਤਾਂ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ | ਸਿੱਧੂ ਮੁਤਾਬਕ ਉਹ ਨਾ ਤਾਂ ਸਹੁੰ ਚੁਕ ਕੇ ਕਹਿ ਰਹੇ ਹਨ ਅਤੇ ਨਾ ਹੀ ਝੂਠੇ ਵਾਅਦੇ ਕਰ ਸਕਦੇ ਹਨ | ਪਰ ਪੰਜਾਬ ਨੂੰ ਮੁੜ ਲੀਹ 'ਤੇ ਲਿਆਉਣ ਲਈ ਆਪਾ ਵਾਰ ਸਕਦੇ ਹਨ | ਉਨ੍ਹਾਂ ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਬਿਜਲੀ ਤਿੰਨ ਰੁਪਏ ਯੂਨਿਟ ਦੇ ਹਿਸਾਬ ਨਾਲ ਮਿਲੇਗੀ |
ਸਿੱਧੂ ਨੇ ਪੰਜਾਬ ਨੂੰ ਸਨਅਤੀ ਹੱਬ ਬਣਾਉਣ ਲਈ ਗੰਭੀਰ ਹੋਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਨਅਤੀਕਰਨ ਨਾਲ ਹੀ ਆਰਥਕ ਖ਼ੁਸ਼ਹਾਲੀ ਆ ਸਕਦੀ ਹੈ | ਉਨ੍ਹਾਂ ਇਸ ਸਬੰਧੀ ਵਿਦੇਸ਼ੀ ਮੁਲਕਾਂ ਦੇ ਸਨਅਤੀਕਰਨ ਦਾ ਹਵਾਲਾ ਵੀ ਦਿਤਾ | ਦੂਸਰੇ ਪਾਸੇ ਸਿੱਧੂ ਦੀਆਂ ਬੇਰੋਕ ਟਿਪਣੀਆਂ ਨਾਲ ਪੰਜਾਬ ਕਾਂਗਰਸ ਦੀ ਜੰਗ ਜਵਾਰ ਭਾਟੇ ਦਾ ਰੂਪ ਅਖ਼ਤਿਆਰ ਕਰ ਗਈ ਹੈ | ਸਿੱਧੂ ਦੇ ਤਿੱਖੇ ਤੇਵਰ ਕਾਂਗਰਸ ਹਾਈ ਕਮਾਂਡ ਤੇ ਰਾਜਸੀ ਵਿਰੋਧੀਆਂ ਨੂੰ ਕਾਰਵਾਈ ਲਈ ਮਜਬੂਰ ਕਰ ਸਕਦੇ ਹਨ |